ਬਠਿੰਡਾ- ਬਠਿੰਡਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਪ੍ਰੋਗਰਾਮ ਦੌਰਾਨ ਪਾਰਟੀ ਵਰਕਰ ਆਪਸ ਵਿੱਚ ਭਿੜ ਗਏ। ਇਸ ਦੌਰਾਨ ਮਾਮਲਾ ਇੰਨਾ ਵੱਧ ਗਿਆ ਕਿ ਦੋਵੇਂ ਧਿਰਾਂ ਨੇ ਇੱਕ ਦੂਜੇ ‘ਤੇ ਕੁਰਸੀਆਂ ਨਾਲ ਹਮਲਾ ਕੀਤਾ ਗਿਆ। ਇਸ ਘਟਨਾ ਸਮੇਂ ਪ੍ਰੋਗਰਾਮ ਵਿੱਚ ਅਕਾਲੀ ਦਲ ਦੇ ਕਈ ਸੀਨੀਅਰ ਆਗੂ ਹਾਜ਼ਰ ਸਨ। ਜਾਣਕਾਰੀ ਮੁਤਾਬਕ ਇਹ ਪ੍ਰੋਗਰਾਮ ਬਠਿੰਡਾ ਦੇ ਇੱਕ ਨਿੱਜੀ ਰਿਜ਼ੋਰਟ ਵਿੱਚ ਕਰਵਾਇਆ ਗਿਆ। ਘਟਨਾ ਤੋਂ ਬਾਅਦ ਪੂਰੇ ਰਿਜ਼ੋਰਟ ‘ਚ ਹਫ਼ੜਾ- ਦਫੜੀ ਮਚ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਆਗੂਆਂ ਨੇ ਉਕਤ ਰੈਲੀ ਕੀਤੀ ਸੀ। ਜਿਸ ਵਿੱਚ ਉਹ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਲਈ ਚੋਣ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਦੋਵਾਂ ਧਿਰਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਸਟੇਜ ਦੇ ਨੇੜੇ ਮੌਜੂਦ ਦੋਵੇਂ ਧਿਰਾਂ ਨੇ ਇੱਕ ਦੂਜੇ ‘ਤੇ ਕੁਰਸੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਘਟਨਾ ਦੀਆਂ ਕੁਝ ਵੀਡੀਓ ਵਾਇਰਲ ਹੋ ਰਹੀਆਂ ਹਨ। ਵੀਡੀਓ ‘ਚ ਦੇਖ ਸਕਦੇ ਹੋ ਕਿ ਲੋਕ ਅਤੇ ਪਾਰਟੀ ਵਰਕਰ ਭਿੜ ਗਏ ਅਤੇ ਇਕ ਦੂਜੇ ‘ਤੇ ਕੁਰਸੀਆਂ ਸੁੱਟ ਰਹੇ ਹਨ। ਮੌਕੇ ‘ਤੇ ਮੌਜੂਦ ਸੁਰੱਖਿਆ ਕਰਮੀਆਂ ਨੇ ਆਗੂਆਂ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਅਤੇ ਜਾਂਚ ਲਈ ਬਠਿੰਡਾ ਪੁਲਸ ਮੌਕੇ ’ਤੇ ਪਹੁੰਚ ਗਈ।