ਬਠਿੰਡਾ : ਬਠਿੰਡਾ ਮਿਲਟਰੀ ਸਟੇਸ਼ਨ ‘ਤੇ ਫਾਇਰਿੰਗ ਕਰਨ ਦੇ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ ‘ਚ 4 ਜਵਾਨਾਂ ਨੂੰ ਗੋਲੀਆਂ ਮਾਰਨ ਵਾਲੇ ਫ਼ੌਜੀ ਗਨਰ ਦੇਸਾਈ ਮੋਹਨ ਨੂੰ ਕੋਰਟ ਮਾਰਸ਼ਲ ਵਲੋਂ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਮੁਲਜ਼ਮ ਫ਼ੌਜੀ ਨੂੰ ਨੌਕਰੀ ਤੋਂ ਬਰਖ਼ਾਸਤ ਵੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ 12 ਅਪ੍ਰੈਲ, 2023 ਨੂੰ ਬਠਿੰਡਾ ਦੇ ਮਿਲਟਰੀ ਸਟੇਸ਼ਨ ‘ਚ ਤੜਕੇ ਸਵੇਰੇ ਮੁਲਜ਼ਮ ਫ਼ੌਜੀ ਨੇ ਆਪਣੇ ਸੁੱਤੇ ਪਏ 4 ਸਾਥੀਆਂ ‘ਤੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਦੌਰਾਨ ਉਹ ਮਾਰੇ ਗਏ ਸਨ।
ਘਟਨਾ ਵਾਲੀ ਥਾਂ ਤੋਂ ਮਾਮਲੇ ਦੀ ਜਾਂਚ ਦੌਰਾਨ 19 ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਗਏ ਸਨ। ਇਸ ਤੋਂ ਬਾਅਦ ਖ਼ੁਦ ਨੂੰ ਬਚਾਉਣ ਲਈ ਗਨਰ ਦੇਸਾਈ ਲਗਾਤਾਰ ਝੂਠ ‘ਤੇ ਝੂਠ ਬੋਲਦਾ ਰਿਹਾ ਪਰ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਅਜਿਹਾ ਕੁੱਝ ਵੀ ਸਾਹਮਣੇ ਨਹੀਂ ਆਇਆ।
ਇਸ ਤੋਂ ਬਾਅਦ ਗਨਰ ਦੇਸਾਈ ਨੇ ਕਿਹਾ ਸੀ ਕਿ ਜਿਹੜੇ ਜਵਾਨ ਮਾਰੇ ਗਏ ਹਨ, ਉਹ ਉਸ ਦਾ ਸਰੀਰਕ ਸ਼ੋਸ਼ਣ ਕਰਦੇ ਸਨ। ਇਸ ਕਾਰਨ ਉਸ ਨੇ ਗੁੱਸੇ ‘ਚ ਆ ਕੇ ਫਾਇਰਿੰਗ ਕਰਕੇ ਉਕਤ 4 ਜਵਾਨਾਂ ਦਾ ਕਤਲ ਕਰ ਦਿੱਤਾ। ਇਸ ਲਈ ਹੁਣ ਕੋਰਟ ਮਾਰਸ਼ਲ ਨੇ ਉਕਤ ਫ਼ੌਜੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ।