ਬਾਘਾਪੁਰਾਣਾ : ਭਾਰਤੀ ਜਨਤਾ ਪਾਰਟੀ ਦੇ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਨੂੰ ਲਗਾਤਾਰ ਕਿਸਾਨਾਂ ਦਾ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਜਦੋਂ ਉਹ ਚੋਣ ਪ੍ਰਚਾਰ ਕਰਨ ਲਈ ਬਾਘਾਪੁਰਾਣਾ ਦੀ ਜਨਤਾ ਧਰਮਸ਼ਾਲਾ ਵਿਖੇ ਪਹੁੰਚੇ ਤਾਂ ਇਸ ਦੀ ਭਿਣਕ ਕਿਸਾਨ ਜਥੇਬੰਦੀਆਂ ਨੂੰ ਪੈ ਗਈ। ਕਿਰਤੀ ਕਿਸਾਨ ਯੂਨੀਅਨ ਦੇ ਝੰਡੇ ਚੁੱਕ ਕੇ ਮੌਕੇ ‘ਤੇ ਪਹੁੰਚ ਕੇ ਕਿਸਾਨਾਂ ਨੇ ਭਾਜਪਾ ਉਮੀਦਵਾਰ ਦਾ ਡੱਟ ਕੇ ਵਿਰੋਧ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਪੁਲਸ ਵੱਲੋਂ ਪਹਿਲਾਂ ਹੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਸ ਦੌਰਾਨ ਪੁਲਸ ਨੇ ਪਹਿਲਾਂ ਤਾਂ ਰੱਸਾ ਲਗਾ ਕੇ ਕਿਸਾਨਾਂ ਨੂੰ ਰੋਕੀ ਰੱਖਿਆ ਅਤੇ ਅੱਗੇ ਨਹੀਂ ਵਧਣ ਦਿੱਤਾ ਜਦੋਂ ਕਿਸਾਨ ਨਾ ਰੁਕੇ ਤਾਂ ਪੁਲਸ ਨੇ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਲਿਆ।
ਕਿਸਾਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਿਸਾਨ, ਮਜਦੂਰ ਵਿਰੋਧੀ ਪਾਰਟੀ ਹੈ। ਇਕ ਸਾਲ ਦੇ ਕਰੀਬ ਕਿਸਾਨ ਆਪਣੀਆਂ ਮੰਗਾਂ ਲਈ ਦਿੱਲੀ ਦੇ ਬਾਰਡਰਾਂ ‘ਤੇ ਬੈਠੇ ਰਹੇ। ਜਿਸ ਵਿਚ 750 ਕਰੀਬ ਕਿਸਾਨ ਸ਼ਹੀਦ ਹੋ ਗਏ ਜਦੋਂ ਕਿਸਾਨ ਆਪਣੀਆਂ ਮੰਗਾਂ ਮੰਗਦੇ ਹਨ ਉਨ੍ਹਾਂ ‘ਤੇ ਲਾਠੀਆਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ ਅਤੇ ਕਿਸਾਨਾਂ ਨੂੰ ਸ਼ਹੀਦ ਕੀਤਾ ਜਾਂਦਾਂ ਹੈ। ਉਨ੍ਹਾਂ ਕਿਹਾ ਕਿ ਜਿੰਨਾਂ ਚਿਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤਕ ਭਾਜਪਾ ਦੇ ਉਮੀਦਵਾਰ ਦਾ ਵਿਰੋਧ ਜਾਰੀ ਰਹੇਗਾ। ਨਹੀਂ ਤਾਂ ਹੰਸ ਰਾਜ ਹੰਸ ਭਾਜਪਾ ਦੀ ਉਮੀਦਵਾਰੀ ਛੱਡ ਕੇ ਆਜ਼ਾਦ ਉਮੀਦਵਾਰ ਖੜ੍ਹੇ ਹੋਣ ਅਤੇ ਸਾਡੇ ਨਾਲ ਗੱਲਬਾਤ ਕਰਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਕਿਸਾਨ ਸੜਕਾਂ ‘ਤੇ ਆਪਣੀਆਂ ਮੰਗਾ ਨੂੰ ਲੈ ਕੇ ਸੰਘਰਸ਼ ਕਰਦਾ ਆ ਰਿਹਾ ਹੈ ਪਰ ਭਾਜਪਾ ਸਰਕਾਰ ਨੂੰ ਕੋਈ ਫ਼ਿਕਰ ਨਹੀਂ ਹੈ।