ਬਠਿੰਡਾ (ਜਸਵੀਰ ਔਲਖ)ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਸੂਬੇ ਦੇ ਸੱਤ ਲੋਕ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਪਰ ਇਸ ਸੂਚੀ ‘ਚ ਬਠਿੰਡਾ ਤੋਂ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੀ ਹਰਸਿਮਰਤ ਕੌਰ ਬਾਦਲ (Harsimrat Kaur Badal) ਦਾ ਨਾਮ ਸ਼ਾਮਿਲ ਨਹੀਂ ਕੀਤਾ ਗਿਆ। ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦਾ ਐਲਾਨ ਕੀਤਾ ਤਾਂ ਉਸ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵੱਲੋਂ ਹਲਕਾ ਬਦਲੇ ਜਾਣ ਦੀ ਚਰਚਾ ਤੇਜ਼ ਹੋ ਗਈ। ਚਰਚਾ ਹੈ ਕਿ ਹਰਸਿਮਰਤ ਕੌਰ ਬਾਦਲ ਖਡੂਰ ਸਾਹਿਬ ਜਾਂ ਫ਼ਿਰੋਜ਼ਪੁਰ ਹਲਕੇ ਤੋਂ ਚੋਣ ਲੜ ਸਕਦੇ ਹਨ। ਪਹਿਲੀ ਸੂਚੀ ਵਿਚ ਹਰਸਿਮਰਤ ਕੌਰ ਬਾਦਲ ਦਾ ਨਾਂ ਨਾ ਹੋਣ ਕਾਰਨ ਅਕਾਲੀ ਵਰਕਰਾਂ ਵਿਚ ਵੀ ਨਿਰਾਸ਼ਾ ਪਾਈ ਜਾ ਰਹੀ ਹੈ।

ਭਾਵੇਂ ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਨੂੰ ਅਕਾਲੀ ਦਲ ਦੇ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਸੀ ਕਿਉਂਕਿ ਉਹ ਪਿਛਲੇ ਲੰਬੇ ਸਮੇਂ ਤੋਂ ਚੋਣ ਪ੍ਰਚਾਰ ਵਿਚ ਜੁਟੇ ਹੋਏ ਸਨ। ਪਰ ਹੁਣ ਸ੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਅਤੇ ਮਾਲਵੇ ਦਾ ਥੰਮ ਮੰਨੇ ਜਾਂਦੇ ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅਤੇ ਆਈਏਐਸ ਨੂੰਹ ਪਰਮਪਾਲ ਕੌਰ ਦੇ ਭਾਜਪਾ ਵਿਚ ਚਲੇ ਜਾਣ ਤੋਂ ਬਾਅਦ ਅਕਾਲੀ ਦਲ ਲਈ ਸਥਿਤੀ ਕਾਫੀ ਪੇਚੀਦਾ ਬਣ ਗਈ ਹੈ। ਬਠਿੰਡਾ ਲੋਕ ਸਭਾ ਸੀਟ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਵੱਲੋਂ ਸਿਆਸੀ ਗਿਣਤੀਆਂ ਮਿਣਤੀਆਂ ਕੀਤੀਆਂ ਜਾ ਰਹੀਆਂ ਹਨ। ਹਰਸਿਮਰਤ ਕੌਰ ਬਾਦਲ ਤੋਂ ਬਾਅਦ ਜੇਕਰ ਬਠਿੰਡਾ ਲੋਕ ਸਭਾ ਹਲਕੇ ਤੋਂ ਕਿਸੇ ਨੂੰ ਚੋਣ ਲੜਾਈ ਜਾ ਸਕਦੀ ਸੀ ਤਾਂ ਉਹ ਸਿਕੰਦਰ ਸਿੰਘ ਮਲੂਕਾ ਹੀ ਸਨ, ਪਰ ਭਾਜਪਾ ਵੱਲੋਂ ਉਨ੍ਹਾਂ ਦੀ ਨੂੰਹ ਪਰਮਪਾਲ ਕੌਰ ਮਲੂਕਾ ਨੂੰ ਉਮੀਦਵਾਰ ਬਣਾਏ ਜਾਣ ਦੀ ਚਰਚਾ ਚੱਲ ਰਹੀ ਹੈ, ਜਿਸ ਕਾਰਨ ਅਕਾਲੀ ਦਲ ਕੋਲ ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਦਾ ਕੋਈ ਵੱਡਾ ਚਿਹਰਾ ਨਹੀਂ ਹੈ। ਮਲੂਕਾ ਦੀ ਨੂੰਹ ਪਰਮਪਾਲ ਕੌਰ ਮਲੂਕਾ ਨੂੰ ਬਠਿੰਡਾ ਤੋਂ ਭਾਜਪਾ ਦੀ ਟਿਕਟ ਮਿਲਣੀ ਲਗਭਗ ਤੈਅ ਹੈ। ਅਜਿਹੇ ’ਚ ਹਰਸਿਮਰਤ ਕੌਰ ਬਾਦਲ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਇਹੀ ਕਾਰਨ ਮੰਨਿਆ ਜਾ ਰਿਹਾ ਹੈ ਕਿ ਪਹਿਲੀ ਸੂਚੀ ’ਚ ਉਨ੍ਹਾਂ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ। ਹਰਸਿਮਰਤ ਕੌਰ ਬਾਦਲ ਦੇ ਹਲਕੇ ਬਦਲਣ ਦੀ ਚਰਚਾ ਦਾ ਇਕ ਕਾਰਨ ਇਹ ਵੀ ਹੈ ਕਿ ਖਡੂਰ ਸਾਹਿਬ ਅਤੇ ਫ਼ਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਅਜੇ ਤਕ ਐਲਾਨ ਨਹੀਂ ਕੀਤਾ ਗਿਆ।

ਹਲਕਾ ਬਦਲਣ ਦੇ ਇਹ ਵੀ ਹੋ ਸਕਦੇ ਹਨ ਕਾਰਨ

ਸਾਬਕਾ ਵਿਧਾਇਕ ਕੋਟਫੱਤਾ ਨਾਰਾਜ਼

ਅਕਾਲੀ ਦਲ ਦੇ ਭੁੱਚੋਂ ਹਲਕੇ ਤੋਂ ਚੋਣ ਲੜ ਚੁੱਕੇ ਸਾਬਕਾ ਵਿਧਾਇਕ ਦਰਸ਼ਨ ਕੋਟਫੱਤਾ ਅਕਾਲੀ ਦਲ ਨਾਲ ਨਾਰਾਜ਼ ਹੋ ਕੇ ਘਰ ਬੈਠ ਗਏ ਹਨ। ਉਨ੍ਹਾਂ ਦੀ ਅਕਾਲੀ ਦਲ ਨਾਲ ਨਰਾਜ਼ਗੀ ਬਠਿੰਡਾ ਦਿਹਾਤੀ ਹਲਕੇ ਨੂੰ ਲੈ ਕੇ ਹੋਈ ਸੀ। ਉਹ ਇੱਥੋਂ ਵਿਧਾਇਕ ਚੁਣੇ ਗਏ, ਪਰ 2017 ਦੀਆਂ ਚੋਣਾਂ ਵਿਚ ਉਨ੍ਹਾਂ ਨੂੰ ਅਕਾਲੀ ਦਲ ਨੇ ਮਲੋਟ ਹਲਕੇ ਤੋਂ ਚੋਣ ਲੜਾਈ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੋਟਫੱਤਾ ਨੂੰ ਅਕਾਲੀ ਦਲ ਨੇ ਫਰੀਦਕੋਟ ਭੇਜ ਦਿੱਤਾ ਗਿਆ। ਉਸ ਨੇ ਉੱਥੇ ਬਹੁਤ ਕੰਮ ਕੀਤਾ ਪਰ ਉਸ ਨੂੰ ਟਿਕਟ ਨਹੀਂ ਦਿੱਤੀ ਗਈ। ਇਸ ਤੋਂ ਬਾਅਦ 2022 ਦੀ ਚੋਣ ਬਠਿੰਡਾ ਦਿਹਾਤੀ ਤੋਂ ਲੜਨ ਦੀ ਬਜਾਏ ਉਨ੍ਹਾਂ ਨੂੰ ਹਲਕਾ ਭੁੱਚੋ ਤੋਂ ਚੋਣ ਲੜਨ ਲਈ ਮਜਬੂਰ ਕਰ ਦਿੱਤਾ ਗਿਆ। ਹੁਣ ਉਹ ਪਾਰਟੀ ਤੋਂ ਨਾਰਾਜ਼ ਹੋ ਕੇ ਉਹ ਘਰ ਬੈਠ ਗਏ ਹਨ।

ਤਲਵੰਡੀ ਸਾਬੋ ਹਲਕਾ ਖਾਲੀ ਹੈ

ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਅਕਾਲੀ ਦਲ ਦਾ ਤਲਵੰਡੀ ਸਾਬੋ ਹਲਕਾ ਹੁਣ ਖਾਲੀ ਹੋ ਗਿਆ ਹੈ। ਅਜੇ ਤਕ ਅਕਾਲੀ ਦਲ ਨੇ ਤਲਵੰਡੀ ਸਾਬੋ ਦਾ ਕੋਈ ਹਲਕਾ ਇੰਚਾਰਜ ਨਹੀਂ ਲਗਾਇਆ ਹੈ। ਸਿੱਧੂ ਦੇ ਪਾਰਟੀ ਬਦਲਣ ਦਾ ਅਸਰ ਅਕਾਲੀ ਦਲ ਉੰਪਰ ਵੀ ਪਿਆ ਹੈ।

ਮੌੜ ਹਲਕਾ ਵੀ ਖਾਲ੍ਹੀ, ਸੇਖੋਂ ਲਾਏ ਆਰਜ਼ੀ ਇੰਚਾਰਜ

ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਅਤੇ ਪੁੱਤਰ ਵੱਲੋਂ ਭਾਜਪਾ ਵਿਚ ਚਲੇ ਜਾਣ ਤੋਂ ਬਾਅਦ ਇਹ ਹਲਕਾ ਵੀ ਇੰਚਾਰਜ਼ ਵਿਹੂਣਾ ਹੋ ਗਿਆ ਸੀ, ਪਰ ਅਕਾਲੀ ਦਲ ਨੇ ਇੱਥੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਆਰਜ਼ੀ ਹਲਕਾ ਇੰਚਾਰਜ਼ ਲਗਾਇਆ ਹੈ। ਹੁਣ ਸੇਖੋਂ ਜ਼ੀਰਾ ਦੇ ਨਾਲ ਨਾਲ ਮੌੜ ਹਲਕਾ ਦੇਖਣਗੇ। ਇਸ ਤੋਂ ਪਹਿਲਾਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਮੌੜ ਮੰਡੀ ਹਲਕੇ ਦੇ ਇੰਚਾਰਜ ਰਹਿ ਚੁੱਕੇ ਹਨ। ਪਰ ਬੀਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਮੌੜ ਹਲਕੇ ਤੋਂ ਇਸ ਲਈ ਹਟਾ ਦਿੱਤਾ ਗਿਆ ਕਿਉਂਕਿ ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਅਤੇ ਉਨ੍ਹਾਂ ਦੀ ਨੂੰਹ ਪਰਮਪਾਲ ਕੌਰ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਹੁਣ ਉਥੇ ਜਨਮੇਜਾ ਸਿੰਘ ਸੇਖੋਂ ਨੂੰ ਇੰਚਾਰਜ ਲਾਇਆ ਗਿਆ ਹੈ। ਅਜਿਹੇ ’ਚ ਅਕਾਲੀ ਦਲ ਉਕਤ ਤਿੰਨ ਹਲਕਿਆਂ ਨੂੰ ਲੈ ਕੇ ਕਾਫ਼ੀ ਚਿੰਤਤ ਹੈ।

Leave a Reply

Your email address will not be published. Required fields are marked *