ਬਠਿੰਡਾ : ਪੂਰੇ ਦੇਸ਼ ‘ਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਪੰਜਾਬ ‘ਚ ਸਭ ਤੋਂ ਅਖ਼ੀਰ ‘ਚ 7ਵੇਂ ਗੇੜ ‘ਚ 1 ਜੂਨ ਨੂੰ ਵੋਟਾਂ ਪੈਣਗੀਆਂ, ਜਿਨ੍ਹਾਂ ਦੇ ਨਤੀਜੇ 4 ਜੂਨ ਨੂੰ ਆਉਣਗੇ। ਪੰਜਾਬ ਦੀਆਂ 13 ‘ਚੋਂ 8 ਲੋਕ ਸਭਾ ਸੀਟਾਂ ‘ਤੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ‘ਚੋਂ ਸਭ ਤੋਂ ਹੌਟ ਸੀਟ ਬਠਿੰਡਾ ਦੀ ਹੈ। ਬਠਿੰਡਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਟ ‘ਤੇ ਜ਼ਿਆਦਾਤਰ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ। ਇਸ ਸੀਟ ਤੋਂ 3 ਵਾਰ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਬਣ ਚੁੱਕੇ ਹਨ। ਇਸ ਸੀਟ ‘ਤੇ ਵੋਟਾਂ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਦੀਆਂ ਵੋਟਾਂ ਦਾ ਬਹੁਤ ਥੋੜ੍ਹਾ ਫਰਕ ਰਿਹਾ ਹੈ।

ਸਾਲ 2019 ਦੇ ਲੋਕ ਸਭਾ ਚੋਣ ਨਤੀਜਿਆਂ ਦੌਰਾਨ ਹਰਸਿਮਰਤ ਕੌਰ ਬਾਦਲ 4,90,811 ਵੋਟਾਂ ਨਾਲ ਜਿੱਤੇ ਸਨ, ਜਦੋਂ ਕਿ ਇਸ ਸੀਟ ਤੋਂ ਰਾਜਾ ਵੜਿੰਗ ਨੂੰ 4,69,412 ਵੋਟਾਂ ਮਿਲੀਆਂ ਸਨ, ਜੋ ਕਿ ਬਹੁਤ ਥੋੜ੍ਹਾ ਫ਼ਰਕ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਬਲਜਿੰਦਰ ਕੌਰ ਨੂੰ 1,34,398 ਅਤੇ ਪੀ. ਈ. ਪੀ. ਦੇ ਸੁਖਪਾਲ ਸਿੰਘ ਖਹਿਰਾ ਨੂੰ 38,199 ਵੋਟਾਂ ਮਿਲੀਆਂ ਸਨ। ਇਸ ਵਾਰ ਬਠਿੰਡਾ ਤੋਂ ਆਮ ਆਦਮੀ ਪਾਰਟੀ ਵਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ।

ਜੇਕਰ ਇਸ ਸੀਟ ਤੋਂ ਅਕਾਲੀ ਦਲ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਟਿਕਟ ਦਿੰਦਾ ਹੈ ਤਾਂ ਉਨ੍ਹਾਂ ਦਾ ਸਿੱਧਾ ਮੁਕਾਬਲਾ ਗੁਰਮੀਤ ਸਿੰਘ ਖੁੱਡੀਆਂ ਨਾਲ ਹੋਵੇਗਾ। ਫਿਲਹਾਲ ਅਕਾਲੀ ਦਲ ਵਲੋਂ ਹਰਸਿਮਰਤ ਬਾਦਲ ਤੋਂ ਇਲਾਵਾ ਸਿਕੰਦਰ ਸਿੰਘ ਮਲੂਕਾ, ਬਲਵਿੰਦਰ ਸਿੰਘ ਭੂੰਦੜ ਅਤੇ ਜਨਮੇਜਾ ਸਿੰਘ ਸੇਖੋਂ ਸੰਭਾਵੀ ਉਮੀਦਵਾਰ ਹੋ ਸਕਦੇ ਹਨ। ਗੁਰਮੀਤ ਸਿੰਘ ਖੁੱਡੀਆਂ ਬਾਰੇ ਇਹ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੇ ਪਿਤਾ ਫਰੀਦੋਕਟ ਤੋਂ ਸੰਸਦ ਮੈਂਬਰ ਰਹੇ ਹਨ। ਇਸ ਤੋਂ ਇਲਾਵਾ ਕਾਂਗਰਸ ਵਲੋਂ ਇਸ ਸੀਟ ਤੋਂ ਰਾਜਾ ਵੜਿੰਗ, ਅੰਮ੍ਰਿਤਾ ਵੜਿੰਗ, ਅਜੀਤਿੰਦਰ ਮੋਫਰ ਜਾਂ ਫਿਰ ਕਿਸੇ ਹੋਰ ਵੀ ਉਮੀਦਵਾਰ ਬਣਾਇਆ ਜਾ ਸਕਦਾ ਹੈ। ਇਸ ਤਰ੍ਹਾਂ ਜੇਕਰ ਭਾਜਪਾ ਦਾ ਅਕਾਲੀ ਦਲ ਨਾਲ ਗਠਜੋੜ ਨਹੀਂ ਹੁੰਦਾ ਤਾਂ ਫਿਰ ਪਾਰਟੀ ਵਲੋਂ ਮਨਪ੍ਰੀਤ ਬਾਦਲ, ਦਿਆਲ ਸੋਢੀ, ਸਰੂਪ ਚੰਦ ਸਿੰਗਲਾ ਜਾਂ ਫਿਰ ਜਗਦੀਪ ਸਿੰਘ ਨਕਈ ਨੂੰ ਉਮੀਦਵਾਰ ਐਲਾਨਿਆ ਜਾ ਸਕਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸੀਟ ਤੋਂ ਕਿਸ ਪਾਰਟੀ ਦਾ ਉਮੀਦਵਾਰ ਬਾਜ਼ੀ ਮਾਰਦਾ ਹੈ।

Leave a Reply

Your email address will not be published. Required fields are marked *