ਜੈਪੁਰ : ਰਾਜਸਥਾਨ ਦੇ ਮੰਤਰੀ ਬਾਬੂਲਾਲ ਖਰਾੜੀ ਨੇ ਬੁੱਧਵਾਰ ਨੂੰ ਬਹੁਤ ਹੀ ਬੇਤੁਕੀ ਸਲਾਹ ਦਿੱਤੀ ਹੈ। ਉਸ ਨੇ ਲੋਕਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਲਈ ਕਿਹਾ ਹੈ। ਇੰਨਾ ਹੀ ਨਹੀਂ ਉਸ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਹੋਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਰਹਿਣ ਲਈ ਛੱਤ ਦੇਣਗੇ। ਰਾਜਸਥਾਨ ਦੇ ਆਦਿਵਾਸੀ ਖੇਤਰੀ ਵਿਕਾਸ ਮੰਤਰੀ ਖਰਾੜੀ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਦਾ ਸੁਪਨਾ ਹੈ ਕਿ ਕੋਈ ਵੀ ਭੁੱਖਾ ਤੇ ਸਿਰ ‘ਤੇ ਛੱਤ ਤੋਂ ਬਿਨਂ ਨਹੀਂ ਸੌਂਵੇਗਾ। ਜ਼ਿਕਰਯੋਗ ਹੈ ਕਿ ਖਰਾੜੀ ਦੀਆਂ ਦੋ ਪਤਨੀਆਂ ਅਤੇ 8 ਬੱਚੇ ਹਨ, ਜਿਨ੍ਹਾਂ ਵਿਚ 4 ਬੇਟੇ ਅਤੇ 4 ਬੇਟੀਆਂ ਹਨ। ਪੂਰਾ ਪਰਿਵਾਰ ਦਯਪੁਰ ਦੀ ਕੋਟੜਾ ਤਹਿਸੀਲ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਪਿੰਡ ਨੀਚਲਾ ਥਲਾ ਵਿਚ ਰਹਿੰਦਾ ਹੈ।

ਖਰਾੜੀ ਨੇ ਮੰਗਲਵਾਰ ਨੂੰ ਉਦੈਪੁਰ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਇਹ ਅਜੀਬ ਬਿਆਨ ਦਿੱਤਾ। ਉਸ ਨੇ ਉਥੇ ਮੌਜੂਦ ਲੋਕਾਂ ਨੂੰ ਕਿਹਾ, ‘ਪ੍ਰਧਾਨ ਮੰਤਰੀ ਦਾ ਸੁਪਨਾ ਹੈ ਕਿ ਕੋਈ ਵੀ ਵਿਅਕਤੀ ਭੁੱਖਾ ਨਹੀਂ ਸੌਂਣਾ ਚਾਹੀਦਾ ਜਾਂ ਸਿਰ ‘ਤੇ ਛੱਤ ਤੋਂ ਬਿਨਾਂ ਨਹੀਂ ਸੌਣਾ ਚਾਹੀਦਾ। ਤੁਸੀਂ ਖ਼ੂਬ ਬੱਚੇ ਪੈਦਾ ਕਰੋ। ਪ੍ਰਧਾਨ ਮੰਤਰੀ ਤੁਹਾਨੂੰ ਘਰ ਦੇਣਗੇ, ਫਿਰ ਸਮੱਸਿਆ ਕੀ ਹੈ? ਜਿਵੇਂ ਹੀ ਖਰਾੜੀ ਨੇ ਇਹ ਬਿਆਨ ਦਿੱਤਾ ਤਾਂ ਹਾਜ਼ਰ ਲੋਕ ਹੱਸਣ ਲੱਗ ਪਏ ਅਤੇ ਮੌਕੇ ’ਤੇ ਮੌਜੂਦ ਲੋਕ ਨੁਮਾਇੰਦੇ ਇਕ-ਦੂਜੇ ਵੱਲ ਦੇਖਦੇ ਨਜ਼ਰ ਆਏ।ਖਰਾੜੀ ਨੇ ਲੋਕਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿਚ ਮੁੜ ਮੋਦੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਖ-ਵੱਖ ਲੋਕ ਭਲਾਈ ਦੇ ਉਪਰਾਲੇ ਸ਼ੁਰੂ ਕਰ ਰਹੀ ਹੈ। ਖਰਾੜੀ ਨੇ ਅੱਗੇ ਕਿਹਾ ਕਿ ਕੇਂਦਰ ਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 200 ਰੁਪਏ ਦੀ ਕਟੌਤੀ ਕੀਤੀ ਹੈ ਅਤੇ ਰਾਜਸਥਾਨ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਹੁਣ ਉੱਜਵਲ ਯੋਜਨਾ ਤਹਿਤ ਲੋਕਾਂ ਨੂੰ 450 ਰੁਪਏ ਵਿੱਚ ਸਿਲੰਡਰ ਮੁਹੱਈਆ ਕਰਵਾ ਰਹੀ ਹੈ। ਖਰਾੜੀ ਨੂੰ ਹਾਲ ਹੀ ਵਿਚ ਸੂਬੇ ‘ਚ ਕੈਬਨਿਟ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ।

Leave a Reply

Your email address will not be published. Required fields are marked *