* ਆਉਣ ਵਾਲੇ ਦਿਨਾਂ ਸਮੱਸਿਆ ਹੋਰ ਵੀ ਗੰਭੀਰ ਹੋਣ ਦੇ ਅਸਾਰ
* ਘੂਕ ਸੁੱਤੀ ਪਈ ਨਗਰ ਕੌਂਸਲ ਨੂੰ ਸਾਬਕਾ ਪ੍ਰਧਾਨ ਸੁਨੀਲ ਬਿੱਟਾ ਨੇ ਇੱਕ ਵਾਰ ਮੁੜ ਹਲੂਣਾ ਦਿੱਤਾ
ਰਾਮਪੁਰਾ ਫੂਲ, (ਜਸਵੀਰ ਔਲਖ)-ਰਾਮਪੁਰਾ ਫੂਲ ਵਿਚ ਕਰੋੜਾਂ ਰੁਪਏ ਖਰਚ ਕੇ ਪਾਇਆ ਗਿਆ ਸੀਵਰੇਜ ਸਿਸਟਮ ਠੱਪ ਹੋ ਗਿਆ ਹੈ। ਮੇਨ ਸੀਵਰੇਜ ਪੰਪ ਸਟੇਸ਼ਨ ਦੀਆਂ ਸਾਰੀਆਂ ਮੋਟਰਾਂ ਸੜ ਗਈਆਂ ਹਨ। ਦੱਸਣਾ ਬਣਦਾ ਹੈ ਕਿ ਮੇਨ ਸੀਵਰੇਜ ਪੰਪ ਸਟੇਸ਼ਨ ‘ਤੇ ਪਾਣੀ ਦੀ ਨਿਕਾਸੀ ਲਈ 2 ਮੋਟਰਾਂ 75-75 ਹਾਰਸਪਾਵਰ ਅਤੇ 2 ਮੋਟਰਾਂ 40-40 ਹਾਰਸ ਪਾਵਰ ਦੀਆਂ ਲੱਗੀਆਂ ਹੋਈਆਂ ਹਨ। ਇਹ ਵੀ ਕਿ ਪੰਪ ਸਟੇਸ਼ਨ ਦੀਆਂ 3 ਮੋਟਰਾਂ ਕਾਫ਼ੀ ਟਾਈਮ ਤੋਂ ਖ਼ਰਾਬ ਪਈਆਂ ਸਨ ਅਤੇ ਚਾਲੂ ਮੋਟਰ ਬੀਤੀ ਕੱਲ੍ਹ ਸੀਵਰਮੈਨਾਂ ਵਲੋਂ ਪਾਈਪ ਨਾਲ ਹੋਈ ਛੇੜਛਾੜ ਉਪਰੰਤ 25 ਫੁੱਟ ਡੂੰਘੇ ਪਾਣੀ ਵਿਚ ਡੁੱਬ ਗਈਆਂ ਹਨ। ਡਿੱਗੀਆਂ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਟੱਪ ਗਿਆ ਹੈ। ਜਿਸ ਕਾਰਨ ਸ਼ਹਿਰ ਦੇ ਬਜ਼ਾਰਾਂ ਵਿਚ ਗੰਦਾ ਪਾਣੀ ਫੈਲ ਗਿਆ ਹੈ। ਡਿੱਗੀਆਂ ਵਿਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਪੀਣ ਦੇ ਪਾਣੀ ਦੀ ਸਪਲਾਈ ਵਿਚ ਵੀ ਕਟੌਤੀ ਕਰਨ ਦੀ ਵਿਊਾਤਬੰਦੀ ਕੀਤੀ ਜਾ ਰਹੀ ਹੈ। ਜਿਸ ਕਾਰਨ ਲੋਕਾਂ ਵਿਚ ਹਾਹਾਕਾਰ ਵਾਲੀ ਸਥਿਤੀ ਬਣੀ ਹੋਈ ਹੈ।
ਇਹ ਵੀ ਦੋਸ਼ ਲੱਗ ਰਹੇ ਹਨ ਕਿ ਪੀਣ ਦੇ ਪਾਣੀ ਵਿਚ ਸੀਵਰੇਜ ਦਾ ਗੰਦਾ ਪਾਣੀ ਰਲ ਰਿਹਾ ਹੈ । ਜਾਣਕਾਰੀ ਅਨੁਸਾਰ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਸੁਧਾਰਨ ਲਈ ਲਗਭਗ 20 ਕਰੋੜ ਰੁਪਏ ਖਰਚੇ ਗਏ ਸਨ। ਮੇਨ ਪੰਪ ਸਟੇਸ਼ਨ ‘ਤੇ ਗੰਦੇ ਪਾਣੀ ਦੀ ਨਿਕਾਸੀ ਲਈ 75 ਹਾਰਸ ਪਾਵਰ ਅਤੇ 40 ਹਾਰਸ ਪਾਵਰ ਮੋਟਰਾਂ ਦੇ ਦੋ ਸੈੱਟ ਲਗਾਏ ਸਨ। ਇੰਨ੍ਹਾਂ ਵਿਚੋਂ ਇਕ ਸੈੱਟ ਮੋਟਰਾਂ ਨੂੰ ਚਲਾਇਆ ਜਾਂਦਾ ਹੈ ਅਤੇ ਦੂਜੇ ਸੈੱਟ ਨੂੰ ਬਦਲਵੇਂ ਪ੍ਰਬੰਧਾਂ ਤਹਿਤ ਲੋੜ ਪੈਣ ਤੇ ਤਿਆਰ ਰੱਖਿਆ ਜਾਂਦਾ ਹੈ। ਪਰ ਵਿਭਾਗੀ ਲਾਪਰਵਾਹੀ ਕਾਰਨ ਉਕਤ ਸਟੇਸ਼ਨ ਦੀਆਂ ਚਾਰੇ ਮੋਟਰਾਂ ਸੜ ਗਈਆਂ ਹਨ। ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਡਿੱਗੀਆਂ ਵਿਚ ਖੜ ਗਿਆ ਹੈ। ਮੇਨ ਹੋਲਾਂ ਰਾਹੀ ਪਾਣੀ ਸੜਕਾਂ ਅਤੇ ਗਲੀਆਂ ਵਿਚ ਫੈਲ ਗਿਆ ਹੈ।
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਨੀਲ ਬਿੱਟਾ ਨੇ ਪ੍ਰੈਸ ਕਾਨਫਰੰਸ ਕਰਕੇ ਕੀਤੇ ਵੱਡੇ ਖੁਲਾਸੇ:-
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਨੀਲ ਬਿੱਟਾ ਨੇ ਇਕ ਪੈ੍ਰਸ ਕਾਨਫਰੰਸ ਕਰਕੇ ਦੋਸ਼ ਲਗਾਏ ਹਨ ਕਿ ਸ਼ਹਿਰ ਅੰਦਰ ਸੱਤਾਧਾਰੀ ਧਿਰ ਵਲੋਂ ਵਿਕਾਸ ਦੇ ਕੀਤੇ ਜਾ ਰਹੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੀਵਰੇਜ ਪਾਈਪਾਂ ਸਿਲਟ ਨਾਲ ਭਰ ਚੁੱਕੀਆਂ ਹਨ। ਪੀਣ ਦੇ ਪਾਣੀ ਵਿਚ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ। ਜਿਸ ਕਾਰਨ ਲੋਕ ਭਿਆਨਿਕ ਬਿਮਾਰੀਆਂ ਦੀ ਚਪੇਟ ਵਿਚ ਆ ਸਕਦੇ ਹਨ। ਬਿੱਟਾ ਨੇ ਦੱਸਿਆ ਕਿ ਨਿਊ ਮਾਰਕੀਟ, ਗੁਰੂ ਨਾਨਕਪੁਰਾ ਮੁਹੱਲਾ, ਗਾਂਧੀਨਗਰ, ਫੂਲ ਰੋਡ, ਠਾਕੁਰ ਗੁਰਦੁਆਰਾ ਫੂਲ ਦੇ ਏਰੀਏ ਵਿਚ ਸੀਵਰੇਜ ਦਾ ਗੰਦਾ ਪਾਣੀ ਸੜਕਾਂ ‘ਤੇ ਫੈਲ੍ਹ ਗਿਆ ਹੈ। ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਵਲੋਂ ਆਉਂਦੇ ਦਿਨਾਂ ਵਿਚ ਭਾਰੀ ਬਰਸਾਤ ਹੋਣ ਦੇ ਅਲਰਟ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਜੇਕਰ ਸਮੇਂ ਸਿਰ ਮੋਟਰਾਂ ਚਾਲੂ ਨਾ ਹੋਈਆਂ ਤਾਂ ਸ਼ਹਿਰ ਦਾ ਭਾਰੀ ਮਾਲੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਚਾਰੇ ਮੋਟਰਾਂ 25 ਫੁੱਟ ਡੂੰਘੇ ਪਾਣੀ ਵਿਚ ਡੁੱਬੀਆਂ ਹੋਈਆਂ ਹਨ ਅਤੇ ਹਾਲਾਤ ਭਿਆਨਕ ਹੋਣ ਦੇ ਬਾਵਜੂਦ ਕੰਮ ਦੇ ਨਿਪਟਾਰੇ ਲਈ ਸਿਰਫ਼ 4 ਸੀਵਰਮੈਨ ਹੀ ਲਟੋਪੀਂਘ ਹੁੰਦੇ ਨਜ਼ਰ ਆਏ। ਉਨ੍ਹਾਂ ਇਸ ਮਾਮਲੇ ਦੀ ਪੰਜਾਬ ਸਰਕਾਰ ਅਤੇ ਸਥਾਨਿਕ ਸਰਕਾਰਾਂ ਦੇ ਉੱਚ ਅਧਿਕਾਰੀਆਂ ਦੇ ਕੋਲੋਂ ਪੜ੍ਹਤਾਲ ਦੀ ਮੰਗ ਕਰਦਿਆਂ ਜ਼ਿੰਮੇਵਾਰਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਓਧਰ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਨਗਰ ਕੌਂਸਲ ਰਾਮਪੁਰਾ ਫੂਲ ਦੇ ਕਾਰਜਸਾਧਕ ਅਫ਼ਸਰ ਅਤੇ ਜੇ ਈ ਦਵਿੰਦਰ ਸ਼ਰਮਾ ਵਲੋਂ ਮੌਕੇ ‘ਤੇ ਜਾਣਾ ਤੱਕ ਮੁਨਾਸਿਬ ਨਹੀਂ ਸਮਝਿਆ ਗਿਆ ਤੇ ਕਈ ਕਈ ਦਿਨਾਂ ਤੱਕ ਉਕਤ ਅਧਿਕਾਰੀ ਆਪਣੇ ਦਫਤਰ ਵਿੱਚ ਵੀ ਨਹੀਂ ਆਉਦੇ, ਹਾਲਾਂਕਿ ਜੇ ਈ ਦਵਿੰਦਰ ਸ਼ਰਮਾ ਖਿਲਾਫ਼ ਕਥਿਤ ਭਿ੍ਸ਼ਟਾਚਾਰ ਦੀਆਂ ਸ਼ਿਕਾਇਤਾਂ ਦੀ ਪੜ੍ਹਤਾਲ ਡਾਇਰੈਕਟਰ ਸਥਾਨਕ ਸਰਕਾਰਾਂ ਵਲੋਂ ਕਰਨ ਦੇ ਆਦੇਸ਼ ਪਹਿਲਾਂ ਹੀ ਜਾਰੀ ਕੀਤੇ ਹੋਏ ਹਨ। ਦੂਜੇ ਪਾਸੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਨਿਰਦੇਸ਼ ਜਾਰੀ ਕਰ ਦਿੱਤੇ ਹਨ।