ਚੰਡੀਗੜ੍ਹ -ਪੰਜਾਬ ਵਿਚਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ 30 ਦਿਨ ਦਾ ਕਾਰਜਕਾਲ ਪੂਰਾ ਕਰਦੇ ਹੋਏ ਸੂਬੇ ਦੇ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਦਿੱਤੀ ਪਹਿਲੀ ਗਾਰੰਟੀ ਪੂਰੀ ਕਰ ਦਿੱਤੀ ਹੈ | ਮੁੱਖ ਮੰਤਰੀ ਨੇ ਸੂਬੇ ‘ਚ 1 ਜੁਲਾਈ ਤੋਂ ਸਾਰੀਆਂ ਸ਼੍ਰੇਣੀਆਂ ਦੇ ਘਰੇਲੂ ਖਪਤਕਾਰਾਂ ਲਈ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ | ਮੁਫ਼ਤ ਬਿਜਲੀ ਦੇਣ ਦਾ ਵਾਅਦਾ 29 ਜੂਨ, 2021 ਨੂੰ ‘ਆਪ’ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਵਿਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ ਸੀ | ਅੱਜ ਦੇ ਐਲਾਨ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਰਾਜ ‘ਚ ਪਹਿਲਾਂ ਤੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਅਤੇ ਅਨੁਸੂਚਿਤ ਜਾਤੀ, ਪਛੜੇ ਵਰਗ ਅਤੇ ਬੀ.ਪੀ.ਐਲ ਪਰਿਵਾਰਾਂ ਨੂੰ 200 ਮੁਫ਼ਤ ਯੂਨਿਟ ਦੀ ਯੋਜਨਾ ਵੀ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ ਸਰਕਾਰ ਦੇ ਖ਼ਜ਼ਾਨੇ ‘ਚ ਕੋਈ ਕਮੀ ਨਹੀਂ ਹੈ, ਬੱਸ ਨੀਅਤ ਸਾਫ਼ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਖ਼ਜ਼ਾਨਾ ਵੀ ਭਰਾਂਗੇ ਅਤੇ ਉਸ ਵਿਚ ਸ਼ਾਮਿਲ ਲੋਕਾਂ ਦਾ ਹਿੱਸਾ ਵੀ ਉਨ੍ਹਾਂ ਨੂੰ ਵਾਪਸ ਕਰਾਂਗੇ | ਮੁੱਖ ਮੰਤਰੀ ਭਗਵੰਤ ਮਾਨ ਨੇ ਉਕਤ ਐਲਾਨ ਕਰਦੇ ਹੋਏ ਦੱਸਿਆ ਕਿ ਸਾਰੀਆਂ ਸ਼੍ਰੇਣੀਆਂ ਦੇ ਘਰੇਲੂ ਖਪਤਕਾਰਾਂ ਨੂੰ ਦੋ ਮਹੀਨੇ ਦੇ ਬਿਜਲੀ ਬਿੱਲ ਵਿਚ 600 ਯੂਨਿਟ ਮੁਫ਼ਤ ਮਿਲਣਗੇ | ਇਹ ਯੋਜਨਾ ਸੂਬੇ ‘ਚ ਇਕ ਜੁਲਾਈ ਤੋਂ ਲਾਗੂ ਹੋਵੇਗੀ, ਹਾਲਾਂਕਿ ਜਨਰਲ ਵਰਗ ਦੇ ਲੋਕਾਂ ਲਈ ਸ਼ਰਤ ਹੈ ਕਿ ਜੇਕਰ ਉਨ੍ਹਾਂ ਦਾ ਬਿੱਲ 600 ਯੂਨਿਟ ਤੋਂ ਜ਼ਿਆਦਾ ਹੋਇਆ ਤਾਂ ਉਨ੍ਹਾਂ ਨੂੰ ਪੂਰਾ ਬਿੱਲ (600 ਯੂਨਿਟ ਸਹਿਤ) ਅਦਾ ਕਰਨਾ ਹੋਵੇਗਾ, ਜਦੋਂਕਿ ਹੋਰ ਵਰਗਾਂ ਨੂੰ ਇਸ ਮਾਮਲੇ ‘ਚ ਰਾਹਤ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਦਾ ਬਿੱਲ 600 ਯੂਨਿਟ ਤੋਂ ਜ਼ਿਆਦਾ ਆਉਂਦਾ ਹੈ ਤਾਂ ਜਿੰਨੇ ਵੀ ਯੂਨਿਟ 600 ਤੋਂ ਜ਼ਿਆਦਾ ਹੋਣਗੇ ਉਨ੍ਹਾਂ ਨੂੰ ਸਿਰਫ਼ ਉਨ੍ਹਾਂ ਦਾ ਹੀ ਬਿੱਲ ਦੇਣਾ ਹੋਵੇਗਾ | ਇਸ ਦੇ ਨਾਲ ਹੀ 2 ਕਿੱਲੋਵਾਟ ਕੁਨੈਕਸ਼ਨ ਵਾਲੇ ਪਰਿਵਾਰਾਂ ਦੇ ਬਕਾਇਆ ਬਿਜਲੀ ਦੇ 31 ਦਸੰਬਰ 2021 ਤੱਕ ਦੇ ਬਿੱਲ ਵੀ ਮੁਆਫ਼ ਕਰਨ ਦਾ ਐਲਾਨ ਵੀ ਸਰਕਾਰ ਵਲੋਂ ਕੀਤਾ ਗਿਆ ਹੈ | ਮੁੱਖ ਮੰਤਰੀ ਨੇ ਉਦਯੋਗਪਤੀਆਂ ਅਤੇ ਵਪਾਰੀਆਂ ਲਈ ਕਿਹਾ ਕਿ ਇਸ ਸਾਲ ਉਦਯੋਗਾਂ ਅਤੇ ਵਪਾਰੀਆਂ ਲਈ ਬਿਜਲੀ ਦੀਆਂ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ | ਰਾਜ ਸਰਕਾਰ ਦੇ ਉਕਤ ਐਲਾਨ ਨਾਲ ਸੂਬੇ ਦੇ ਕਰੀਬ 73.80 ਲੱਖ ਘਰੇਲੂ ਖਪਤਕਾਰਾਂ ‘ਚੋਂ 62.25 ਲੱਖ ਨੂੰ ਸਿੱਧੇ ਤੌਰ ‘ਤੇ ਫ਼ਾਇਦਾ ਹੋਵੇਗਾ, ਕਿਉਂਕਿ ਉਨ੍ਹਾਂ ਦੀ ਬਿਜਲੀ ਦੀ ਮਾਸਿਕ ਖਪਤ 300 ਯੂਨਿਟ ਤੋਂ ਜ਼ਿਆਦਾ ਨਹੀਂ ਹੈ | ਪੀ.ਐਸ.ਪੀ.ਸੀ.ਐਲ. ਦੇ ਅੰਕੜਿਆਂ ਅਨੁਸਾਰ ਖਪਤਕਾਰਾਂ ਦੀ ਔਸਤ ਗਿਣਤੀ ਲਗਭਗ 62.25 ਲੱਖ ਹੈ, ਜਿਨ੍ਹਾਂ ਨੂੰ ਹੁਣ ਤੱਕ ਦੀ ਖਪਤ ਦੇ ਪੈਟਰਨ ਦੇ ਆਧਾਰ ਉੱਤੇ ਨਿਰਧਾਰਤ ਕੀਤਾ ਗਿਆ ਹੈ | ਇਹ ਗਿਣਤੀ ਕੁਲ ਖਪਤਕਾਰਾਂ ਦਾ 84 ਫ਼ੀਸਦੀ ਹੈ | ਪੀ.ਐਸ.ਪੀ.ਸੀ.ਐਲ. ਦੀ ਇਕ ਰਿਪੋਰਟ ਮੁਤਾਬਿਕ ਪੰਜਾਬ ਸਰਕਾਰ ਵਲੋਂ ਪਹਿਲਾਂ ਤੋਂ ਘਰੇਲੂ ਖਪਤਕਾਰਾਂ ਦੀ ਵੱਖ-ਵੱਖ ਸ਼੍ਰੇਣੀਆਂ ਨੂੰ ਪ੍ਰਤੀ ਸਾਲ 3998 ਕਰੋੜ ਰੁਪਏ ਬਿਜਲੀ ਸਬਸਿਡੀ ਦਿੱਤੀ ਜਾ ਰਹੀ ਹੈ | ਇਸ ਵਿਚ ਐਸ.ਸੀ., ਬੀ.ਸੀ. ਅਤੇ ਬੀ.ਪੀ.ਐਲ. ਸ਼੍ਰੇਣੀ ਦੇ ਕਰੀਬ 21.83 ਲੱਖ ਖਪਤਕਾਰਾਂ ਨੂੰ 1657 ਕਰੋੜ ਰੁਪਏ ਸਬਸਿਡੀ ਦਿੱਤੀ ਜਾ ਰਹੀ ਹੈ | ਇਸ ਦੇ ਇਲਾਵਾ ਮੌਜੂਦਾ ਸਥਿਤੀ (64.46 ਲੱਖ ਖਪਤਕਾਰ) ਦੇ ਅਨੁਸਾਰ 7 ਕਿੱਲੋਵਾਟ ਤੱਕ ਲੋਡ ਸਮਰੱਥਾ ਵਾਲੇ ਖਪਤਕਾਰਾਂ ਨੂੰ 2341 ਕਰੋੜ ਰੁਪਏ ਸਾਲਾਨਾ ਸਬਸਿਡੀ ਦਿੱਤੀ ਜਾਵੇਗੀ | ਇਹ ਸਾਰੀ ਕੁਲ 3998 ਕਰੋੜ ਰੁਪਏ ਪ੍ਰਤੀ ਸਾਲ ਬਣਦੀ ਹੈ | ਸਾਰੇ ਖਪਤਕਾਰਾਂ ਲਈ 300 ਯੂਨਿਟ ਮੁਫ਼ਤ ਬਿਜਲੀ ਦੇ ਫ਼ੈਸਲੇ ਨਾਲ ਕੁੱਲ ਸਬਸਿਡੀ ਦੀ ਰਾਸ਼ੀ ਵੱਧ ਕੇ 5500 ਕਰੋੜ ਉੱਤੇ ਪਹੁੰਚ ਸਕਦੀ ਹੈ |
ਇਕ ਮੀਟਰ ਵਾਲੀਆਂ ਬਹੁਮੰਜ਼ਲੀ ਇਮਾਰਤਾਂ ਨੂੰ ਘੱਟ ਫ਼ਾਇਦਾ
ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦਾ ਫ਼ਾਇਦਾ ਅਜਿਹੇ ਮਕਾਨਾਂ ‘ਚ ਰਹਿਣ ਵਾਲਿਆਂ ਨੂੰ ਸੰਭਵ ਨਹੀਂ ਹੋ ਸਕੇਗਾ, ਜੋ ਬਹੁਮੰਜ਼ਲੀ ਹਨ ਅਤੇ ਪੂਰੀ ਇਮਾਰਤ ਲਈ ਜਿੱਥੇ ਬਿਜਲੀ ਦਾ ਇਕ ਹੀ ਮੀਟਰ ਲੱਗਾ ਹੈ | ਉਦਾਹਰਨ ਦੇ ਤੌਰ ‘ਤੇ ਜੇਕਰ ਇਕ ਇਮਾਰਤ ਵਿਚ ਤਿੰਨ ਮੰਜ਼ਿਲਾਂ ਹਨ ਅਤੇ ਤਿੰਨ ਪਰਿਵਾਰ ਰਹਿ ਰਹੇ ਹਨ ਤਾਂ ਇਕ ਹੀ ਮੀਟਰ ਹੋਣ ਉੱਤੇ ਤਿੰਨਾਂ ਪਰਿਵਾਰਾਂ ਦੁਆਰਾ ਖ਼ਰਚ ਕੀਤੀ ਗਈ ਕੁਲ ਬਿਜਲੀ ਦੇ ਯੂਨਿਟ 600 ਤੋਂ ਜ਼ਿਆਦਾ ਹੋ ਜਾਵੇਗੀ ਅਤੇ ਉਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲ ਸਕੇਗਾ |

Leave a Reply

Your email address will not be published. Required fields are marked *