ਕਿਸਾਨਾਂ ਨੂੰ ਫਸਲਾਂ ਦੇ ਭਾਅ ਡਾਕਟਰ ਸੁਆਮੀਨਾਥਨ ਦੀ (ਸੀ.ਟੂ ) ਰਿਪੋਰਟ ਮੁਤਾਬਕ ਦਿੱਤੇ ਜਾਣ-ਰਾਮਕਰਨ ਰਾਮਾਂ

ਰਾਮਾਂ ਮੰਡੀ, 9 ਜੂਨ (ਪਰਮਜੀਤ ਲਹਿਰੀ) : ਕੇਂਦਰ ਸਰਕਾਰ ਵੱਲੋਂ ਸਾਲ 2021-22 ਤੱਕ ਝੋਨੇ ਦੇ ਭਾਅ ’ਚ 72 ਰੁਪਏ ਪ੍ਰਤੀ ਕੁਇੰਟਲ, ਕਪਾਹ 200 ਰੁਪਏ ਅਤੇ ਹੋਰ ਫਸਲਾਂ ਦੀ ਐਮ.ਐਸ.ਪੀ ਵਿਚ ਮਾਮੂਲੀ ਵਾਧਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ, ਜਿਸਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਕਰੜੀ ਨਿੰਦਿਆ ਕਰਦਿਆਂ ਇਸ ਨੂੰ ਮੁੱਢੋਂ ਰੱਦ ਕਰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੁੱਖ ਸਕੱਤਰ ਜਰਨਲ ਰਾਮਕਰਨ ਸਿੰਘ ਰਾਮਾਂ ਨੇ ਕੀਤਾ। ਰਾਮਕਰਨ ਰਾਮਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਜੇ ਤੱਕ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਭਾਅ ਲਾਗਤ ਖਰਚਿਆਂ ਮੁਤਾਬੁਕ ਨਹੀ ਦਿੱਤਾ, ਸਗੋਂ ਹਰ ਸਾਲ ਸਿਰਫ ਸਿਆਸੀ ਭਾਅ ਦੇ ਕੇ ਕਿਸਾਨਾਂ ਨੂੰ ਕਰਜ਼ੇ ਵੱਲ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖਾਦਾਂ, ਬੀਜ਼ਾਂ, ਮਜ਼ਦੂਰੀ, ਕੀਟਨਾਸ਼ਕ ਦਵਾਈਆਂ, ਡੀਜ਼ਲ ਆਦਿ ਦੀਆਂ ਕੀਮਤਾਂ ਆਏ ਦਿਨ ਵਧ ਰਹੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਫਸਲਾਂ ’ਤੇ ਹਰ ਸਾਲ ਜ਼ਿਆਦਾ ਪੈਸੇ ਖਰਚਨੇ ਪੈਂਦੇ ਹਨ, ਪਰ ਕੇਂਦਰ ਸਰਕਾਰ ਹਰ ਵਾਰ ਫਸਲਾਂ ਦੇ ਨਿਗੂਣੇ ਭਾਅ ਤੈਅ ਕਰ ਦਿੰਦੀ ਹੈ, ਜਿਸ ਨਾਲ ਕਿਸਾਨਾਂ ’ਤੇ ਭਾਰੀ ਆਰਥਿਕ ਬੋਝ ਵੱਧ ਰਿਹਾ ਹੈ ਅਤੇ ਕਿਸਾਨ ਦਿਨੋਂ ਦਿਨ ਕਰਜ਼ਾਈ ਹੁੰਦਾ ਜਾ ਰਿਹਾ ਹੈ ਤੇ ਖੁਦਕੁਸ਼ੀਆਂ ਕਰ ਰਿਹਾ ਹੈ। ਰਾਮਕਰਨ ਸਿੰਘ ਰਾਮਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਫਸਲਾਂ ਦੇ ਭਾਅ ਡਾਕਟਰ ਸੁਆਮੀਨਾਥਨ ਦੀ (ਸੀ.ਟੂ) ਦੀ ਰਿਪੋਰਟ ਮੁਤਾਬਕ ਦਿੱਤੇ ਜਾਣ। ਰਾਮਾ ਨੇ ਕਿਹਾ ਕਿ ਕੇਂਦਰ ’ਚ ਹੁਣ ਤੱਕ ਕਿਸੇ ਵੀ ਪਾਰਟੀ ਦੀ ਸਰਕਾਰ ਰਹੀ ਹੋਵੇ, ਉਨ੍ਹਾਂ ਸਰਕਾਰਾਂ ਨੇ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਵਿਚ ਮਾਮੂਲੀ ਵਾਧੇ ਕਰਕੇ ਕਿਸਾਨਾਂ ਨਾਲ ਕੋਝੇ ਮਜ਼ਾਕ ਕੀਤੇ ਹਨ ਅਤੇ ਕਿਸਾਨਾਂ ਨੂੰ ਕਰਜ਼ਿਆਂ ਹੇਠ ਇੰਨ੍ਹਾਂ ਦੱਬ ਦਿੱਤਾ ਹੈ ਕਿ ਉਹਨਾਂ ਨੂੰ ਕਰਜ਼ੇ ਦੇ ਜੰਜਾਲ ਵਿੱਚੋਂ ਨਿਕਲਣ ਲਈ ਆਪਣੀਆਂ ਜਮੀਨਾਂ ਤੇ ਜਾਨਾਂ ਕੁਰਬਾਨ ਕਰਨੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਡਾਕਟਰ ਸੁਆਮੀਨਾਥਨ ਦੀ ਸੀ-2 ਰਿਪੋਰਟ ਮੁਤਾਬਕ 50 ਫੀਸਦੀ ਮੁਆਫੇ ਅਨੁਸਾਰ ਤੈਅ ਨਹੀ ਕਰਦੀ ਉਨ੍ਹਾਂ ਚਿਰ ਕਿਸਾਨਾਂ ਦਾ ਕੇਂਦਰ ਸਰਕਾਰ ਖਿਲਾਫ ਸੰਘਰਸ਼ ਜਾਰੀ ਰਹੇਗਾ

Leave a Reply

Your email address will not be published. Required fields are marked *