ਚੰਡੀਗੜ੍ਹ— ਕੋਰੋਨਾ ਵਾਇਰਸ ਦੇ ਕਹਿਰ ਵਿਚਾਲੇ ਹੁਣ ਪੰਜਾਬ ’ਚ ਬਲੈਕ ਫੰਗਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਪੰਜਾਬ ’ਚ ਬਲੈਕ ਫੰਗਸ ਦੇ ਮਾਮਲੇ ਲਗਾਤਾਰ ਵੱਧਣ ਲੱਗੇ ਹਨ। ਇਥੇ ਦੱਸ ਦੇਈਏ ਕਿ ਸੂਬੇ ’ਚ ਹੁਣ ਤੱਕ 188 ਲੋਕ ਬਲੈਕ ਫੰਗਸ ਦੀ ਲਪੇਟ ’ਚ ਆ ਚੁੱਕੇ ਹਨ, ਜਿਨ੍ਹਾਂ ’ਚੋਂ ਕੁਝ ਲੋਕ ਬਾਹਰੀ ਸੂਬਿਆਂ ਦੇ ਵੀ ਸ਼ਾਮਲ ਹਨ। 

ਮੰਗਲਵਾਰ ਰਾਤ ਅਤੇ ਬੁੱਧਵਾਰ ਨੂੰ ਚਾਰ ਹੋਰ ਲੋਕਾਂ ਨੇ ਬਲੈਕ ਫੰਗਸ ਦੇ ਕਾਰਨ ਦਮ ਤੋੜ ਦਿੱਤਾ ਜਦਕਿ 25 ਨਵੇਂ ਕੇਸ ਸਾਹਮਣੇ ਆਏ। ਬੁੱਧਵਾਰ ਦੀ ਰਾਤ ਲੁਧਿਆਣਾ ਅਤੇ ਫਾਜ਼ਿਲਕਾ ’ਚ ਇਕ-ਇਕ ਮਰੀਜ਼ ਦੀ ਮੌਤ ਹੋਈ ਜਦਕਿ ਗੁਰਦਾਸਪੁਰ ’ਚ ਮੰਗਲਵਾਰ ਰਾਤ ਦੋ ਮਰੀਜ਼ਾਂ ਦੀ ਮੌਤ ਹੋਈ। ਇਨ੍ਹਾਂ ’ਚੋਂ ਇਕ ਕਲਾਨੋਰ ਦੇ ਪਿੰਡ ਭਿਖਾਰੀਵਾਲ ਦਾ 55 ਸਾਲਾ ਮਰੀਜ਼ ਸਰਕਾਰੀ ਮੈਡੀਕਲ ਕਾਲਜ ਪਟਿਆਲਾ ’ਚ ਦਾਖ਼ਲ ਸੀ ਜਦਕਿ ਬਟਾਲਾ ਦੀ ਗੁਰੂ ਰਾਮਦਾਸ ਕਾਲੋਨੀ ਦਾ 62 ਸਾਲਾ ਮਰੀਜ਼ ਡੀ. ਐੱਮ. ਸੀ. ਲੁਧਿਆਣਾ ’ਚ ਦਾਖ਼ਲ ਸੀ। ਬੁੱਧਵਾਰ ਨੂੰ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ 9 ਮਰੀਜ਼ਾਂ ’ਚ ਬਲੈਕ ਫੰਗਸ ਪਾਇਆ ਗਿਆ।

ਜ਼ਿਲ੍ਹੇ ’ਚ ਹੁਣ ਤੱਕ 53 ਮਰੀਜ਼ਾਂ ’ਚ ਪੁਸ਼ਟੀ ਕੀਤੀ ਗਈ ਹੈ ਅਤੇ ਇਸ ਬੀਮਾਰੀ ਨਾਲ 6 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ। ਗੁਰਦਾਸਪੁਰ ’ਚ ਕੁੱਲ 6 ਨਵੇਂ ਕੇਸ ਸਾਹਮਣੇ ਆਏ ਹਨ। ਪਟਿਆਲਾ ’ਚ ਬੁੱਧਵਾਰ ਨੂੰ 6 ਨਵੇਂ ਕੇਸ ਆਏ। ਹੁਣ ਇਥੇ ਕੁੱਲ 26 ਕੇਸ ਹੋ ਗਏ ਹਨ। ਅੰਮ੍ਰਿਤਸਰ ’ਚ ਵੀ ਦੋ ਹੋਰ ਮਰੀਜ਼ ਮਿਲੇ ਹਨ। ਇਥੇ ਮਰੀਜ਼ਾਂ ਦੀ ਗਿਣਤੀ 17 ਹੋ ਗਈ ਹੈ। ਹੁਸ਼ਿਆਰਪੁਰ ’ਚ ਬੁੱਧਵਾਰ ਨੂੰ ਦੋ ਨਵੇਂ ਮਰੀਜ਼ ਸਾਹਮਣੇ ਆਏ। ਪਟਿਆਲਾ ’ਚ ਹੁਣ ਤੱਕ 6 ਅਤੇ ਅੰਮ੍ਰਿਤਸਰ ’ਚ ਤਿੰਨ ਦੀ ਜਾਨ ਇਸ ਨਾਲ ਜਾ ਚੁੱਕੀ ਹੈ। ਮੰਗਲਵਾਰ ਨੂੰ ਫਿਰੋਜ਼ਪੁਰ ’ਚ ਵੀ ਇਕ ਮਰੀਜ਼ ਦੀ ਮੌਤ ਹੋਈ ਸੀ। 

ਬਲੈਕ ਫੰਗਸ ਦੇ ਲੱਛਣ 
ਅੱਖਾਂ ’ਚ ਤੇਜ਼ੀ ਨਾਲ ਸੜਨ ਪੈਣੀ। 
ਪਲਕਾਂ ਹੇਠਾਂ ਸੋਜ ਆਉਣੀ। 
ਅੱਖਾਂ ਦਾ ਲਾਲ ਹੋਣਾ। 
ਖ਼ੂਨ ਦੀ ਉਲਟੀ ਆਉਣਾ। 
ਦੰਦ ਢਿੱਲੇ ਹੋ ਜਾਣੇ। 
ਨੱਕ ਬੰਦ ਹੋਣਾ। 

ਬੀਮਾਰੀ ਵੱਧਣ ਦੇ ਬਾਅਦ ਕੀ ਹੁੰਦਾ ਹੈ
ਅੱਖਾਂ ਦਾ ਘੁੰਮਣਾ ਘੱਟ ਹੋਣਾ। 
ਦਿੱਸਣ ’ਚ ਧੁੰਦਲਾ ਵਿਖਾਈ ਦੇਣਾ। 
ਚੀਜ਼ਾਂ ਦੋ-ਦੋ ਵਿਖਾਈ ਦੇਣੀਆਂ। 
ਅੱਖਾਂ ਦਾ ਬਾਹਰ ਨਿਕਲਣਾ। 

ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਕੋਰੋਨਾ ਦੇ ਮਰੀਜ਼ ਨੱਕ ਬੰਦ ਹੋਣ ’ਤੇ ਇਸ ਨੂੰ ਬੈਕਟੀਰੀਅਲ ਇਨਫੈਕਸ਼ਨ ਨਾ ਸਮਝਣ। ਇਸ ਦੀ ਜਾਂਚ ਜ਼ਰੂਰ ਕਰਵਾਉਣ। 
ਇਲਾਜ ਸ਼ੁਰੂ ਕਰਨ ’ਚ ਦੇਰੀ ਨਾ ਕਰੋ। 
ਆਕਸੀਜਨ ਥੈਰੇਪੀ ਦੌਰਾਨ ਉਬਲਿਆ ਹੋਇਆ ਸਾਫ਼ ਪਾਣੀ ਦੀ ਵਰਤੋਂ ਕਰੋ। 
ਡਾਕਟਰ ਦੀ ਸਲਾਹ ਤੋਂ ਬਾਅਦ ਹੀ ਐਂਟੀਬਾਓਟਿਕ ਅਤੇ ਐਂਟੀਫੰਗਲ ਦਵਾਈਆਂ ਦੀ ਵਰਤੋਂ ਕਰੋ। 
ਸ਼ੂਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ। ਕੋਰੋਨਾ ਤੋਂ ਠੀਕ ਹੋ ਕੇ ਘਰ ਪਰਤੇ ਮਰੀਜ਼ ਰੋਜ਼ਾਨਾ ਬਲੱਡ ਸ਼ਗੂਰ ਨੂੰ ਚੈੱਕ ਕਰਦੇ ਰਹਿਣ। 
ਮਿੱਟੀ-ਘੱਟੇ ਵਾਲੀ ਜਗ੍ਹਾ ’ਤੇ ਜਾਉਣ ਵੇਲੇ ਮੂੰਹ ’ਤੇ ਮਾਸਕ ਜ਼ਰੂਰ ਲਗਾ ਕੇ ਜਾਓ। 

Leave a Reply

Your email address will not be published. Required fields are marked *