ਬਠਿੰਡਾ : ਨਗਰ ਨਿਗਮ ਵੱਲੋਂ ਸ਼ਹਿਰ ਵਿਚ ਬਣੀਆਂ ਨਾਜਾਇਜ਼ ਇਮਾਰਤਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਮੰਗਲਵਾਰ ਨੂੰ ਛੇਵੇਂ ਦਿਨ ਵੀ ਕਾਰਵਾਈ ਕੀਤੀ। ਮਾਨਸਾ ਰੋਡ ‘ਤੇ ਨਜਾਇਜ਼ ਤੌਰ ‘ਤੇ ਉਸਾਰੀਆਂ ਦੋ ਇਮਾਰਤਾਂ ਨੂੰ ਜੇਸੀਬੀ ਦੀ ਮਦਦ ਨਾਲ ਢਾਹ ਦਿੱਤਾ ਗਿਆ। ਜਦੋਂਕਿ ਡੀਸੀ ਦੇ ਹੁਕਮਾਂ ‘ਤੇ ਨਿਗਮ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਬਿਲਡਿੰਗ ਇੰਸਪੈਕਟਰ ਸੋਹਣ ਲਾਲ ਦੀ ਅਗਵਾਈ ਵਿਚ ਨਿਗਮ ਦੀ ਟੀਮ ਨੇ ਇਕ ਇਮਾਰਤ ਵਿਚ ਸ਼ੈੱਡ ਅਤੇ ਦੂਜੀ ਦੀਆਂ ਕੰਧਾਂ ਢਾਹ ਦਿੱਤੀਆਂ। ਇਹ ਇਮਾਰਤਾਂ ਬਿਨਾਂ ਨਕਸ਼ੇ ਪਾਸ ਕਰਵਾਏ ਹੀ ਬਣਾਈਆਂ ਜਾ ਰਹੀਆਂ ਸਨ। ਡੀਸੀ ਸ਼ੌਕਤ ਅਹਿਮਦ ਪਰੇ ਦੇ ਹੁਕਮਾਂ ‘ਤੇ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਵੱਲੋਂ ਨਾਜਾਇਜ਼ ਇਮਾਰਤਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਕਾਰਵਾਈ ਲਗਾਤਾਰ ਜਾਰੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਬਿਲਡਿੰਗ ਬ੍ਾਂਚ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਬਣੀਆਂ ਚਾਰ ਨਾਜਾਇਜ਼ ਇਮਾਰਤਾਂ ‘ਤੇ ਕਾਰਵਾਈ ਕਰਦਿਆਂ ਜੇਸੀਬੀ ਮਸ਼ੀਨ ਦੀ ਮਦਦ ਨਾਲ ਢਾਹ ਦਿੱਤਾ। ਐਮਟੀਪੀ ਦੀ ਅਗਵਾਈ ਵਿਚ ਬਿਲਡਿੰਗ ਸ਼ਾਖਾ ਦੀ ਟੀਮ ਨੇ ਮਲੋਟ ਰੋਡ ‘ਤੇ ਇਕ ਨਾਜਾਇਜ਼ ਇਮਾਰਤ ਨੂੰ ਢਾਹ ਦਿੱਤਾ। ਬਿਲਡਿੰਗ ਇੰਸਪੈਕਟਰ ਸੋਹਣ ਲਾਲ ਅਨੁਸਾਰ ਉਕਤ ਇਮਾਰਤ ਬਿਨਾਂ ਨਕਸ਼ਾ ਪਾਸ ਕਰਵਾਏ ਹੀ ਬਣਾਈ ਜਾ ਰਹੀ ਸੀ, ਜਿਸ ਲਈ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਉਕਤ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਇਸ ਨੂੰ ਢਾਹ ਦਿੱਤਾ ਗਿਆ ਹੈ। ਇਸੇ ਤਰ੍ਹਾਂ ਦੂਜੀ ਕਾਰਵਾਈ ਅਜੀਤ ਰੋਡ ਦੀ ਗਲੀ ਨੰਬਰ 20 ਵਿਚ ਕੀਤੀ ਗਈ।
ਬਿਲਡਿੰਗ ਇੰਸਪੈਕਟਰ ਅਨੂ ਬਾਲਾ ਨੇ ਦੱਸਿਆ ਕਿ ਉਕਤ ਬਿਲਡਿੰਗ ਮਾਲਕ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਕਮਰਸ਼ੀਅਲ ਇਮਾਰਤ ਦੀ ਉਸਾਰੀ ਕਰ ਰਿਹਾ ਸੀ, ਜਿਸ ਦਾ ਕੰਮ ਲੰਘੇ ਸ਼ੁੱਕਰਵਾਰ ਨੂੰ ਬੰਦ ਕਰਵਾ ਦਿੱਤਾ ਗਿਆ ਸੀ ਅਤੇ ਕਮਰਸ਼ੀਅਲ ਨਕਸ਼ਾ ਪਾਸ ਕਰਵਾਉਣ ਦੇ ਆਦੇਸ਼ ਦਿੱਤੇ ਗਏ ਸਨ। ਪਰ ਉਸ ਨੇ ਨਿਗਮ ਕੋਲ ਕਮਰਸ਼ੀਅਲ ਨਕਸ਼ੇ ਲਈ ਅਪਲਾਈ ਨਹੀਂ ਕੀਤਾ, ਜਿਸ ਕਾਰਨ ਨਿਗਮ ਟੀਮ ਨੇ ਸੋਮਵਾਰ ਨੂੰ ਜੇਸੀਬੀ ਦੀ ਮਦਦ ਨਾਲ ਇਸ ਨੂੰ ਢਾਹ ਦਿੱਤਾ। ਇਸੇ ਤਰ੍ਹਾਂ ਤੀਜੀ ਇਮਾਰਤ ਅਜੀਤ ਰੋਡ ਗਲੀ ਨੰਬਰ 8 ਏ ਵਿਚ ਢਾਹੀ ਗਈ, ਜਿੱਥੇ ਬਿਲਡਿੰਗ ਮਾਲਕ ਵੱਲੋਂ ਨਿਗਮ ਤੋਂ ਨਕਸ਼ਾ ਪਾਸ ਕਰਵਾਏ ਬਿਨਾਂ ਹੀ ਰਿਹਾਇਸ਼ੀ ਮਕਾਨ ਵਿਚ ਪੀਜੀ ਦੀ ਉਸਾਰੀ ਕੀਤੀ ਜਾ ਰਹੀ ਸੀ ।
ਸਥਾਨਕ ਲੋਕ ਇਸ ਇਮਾਰਤ ਬਾਰੇ ਨਿਗਮ ਨੂੰ ਲਗਾਤਾਰ ਸ਼ਿਕਾਇਤਾਂ ਕਰ ਰਹੇ ਸਨ। ਇਸ ‘ਤੇ ਕਾਰਵਾਈ ਕਰਦਿਆਂ ਨਿਗਮ ਦੀ ਟੀਮ ਨੇ ਉਕਤ ਇਮਾਰਤ ਨੂੰ ਵੀ ਢਾਹ ਦਿੱਤਾ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਕਮ ਨਗਰ ਨਿਗਮ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਨਾਜਾਇਜ਼ ਉਸਾਰੀਆਂ ਜਾ ਰਹੀਆਂ ਇਮਾਰਤਾਂ ਅਤੇ ਕਾਲੋਨੀਆਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ ਜਿਸਦੀ ਸ਼ਹਿਰ ਵਾਸੀ ਸ਼ਲਾਘਾ ਕਰ ਰਹੇ ਹਨ। ਡਿਪਟੀ ਕਮਿਸ਼ਨਰ ਕਮ ਨਗਰ ਨਿਗਮ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦਾ ਕਹਿਣਾ ਸੀ ਕਿ ਅਗਲੇ ਦਿਨਾਂ੍ਹ ਵਿਚ ਵੀ ਨਜਾਇਜ਼ ਉਸਾਰੀਆਂ ਖਿਲਾਫ਼ ਨਗਰ ਨਿਗਮ ਦੀ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।