ਸ੍ਰੀ ਮੁਕਤਸਰ ਸਾਹਿਬ : ਮੁਕਤਸਰ- ਕੋਟਕਪੂਰਾ ਰੋਡ ‘ਤੇ ਪਿੰਡ ਝਬੇਲਵਾਲੀ ਨੇੜਿਓਂ ਲੰਘਦੀਆਂ ਜੁੜਵਾਂ ਨਹਿਰਾਂ ‘ਚੋਂ ਸਰਹਿੰਦ ਕੈਨਾਲ ‘ਚ 45 ਸਵਾਰੀਆਂ ਨਾਲ ਭਰੀ ਨਿਊਦੀਪ ਕੰਪਨੀ ਦੀ ਬੱਸ ਡਿੱਗ ਗਈ ਜਿਸ ਵਿਚ 8 ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ 10 ਜਣੇ ਜ਼ਖ਼ਮੀ ਹੋ ਗਏ ਤੇ 35 ਸਵਾਰੀਆਂ ਨੂੰ ਬਚਾਅ ਲਿਆ ਗਿਆ ਹੈ। ਬਾਕੀਆਂ ਦੇ ਨਹਿਰ ‘ਚ ਰੁੜ੍ਹ ਜਾਣ ਦਾ ਸਮਾਚਾਰ ਹੈ। ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਵਿਧਾਇਕ ਕਾਕਾ ਬਰਾੜ ਵੀ ਮੌਕੇ ‘ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ। ਬੱਸ ਨੂੰ ਬਾਹਰ ਕੱਢਣ ਲਈ ਯਤਨ ਜਾਰੀ ਹਨ। ਐੱਸਐੱਸਪੀ ਹਰਮਨਬੀਰ ਗਿੱਲ ਨੇ ਅੱਠ ਮੌਤਾਂ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਬੱਸ ਵਿਚ ਕੁੱਲ 45 ਸਵਾਰੀਆਂ ਸਨ ਜਿਨ੍ਹਾਂ ਵਿਚੋਂ 35 ਨੂੰ ਬਚਾਅ ਲਿਆ ਗਿਆ ਹੈ ਤੇ ਜਿਹੜੇ ਰੁੜ੍ਹ ਗਏ ਹਨ, ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਵਾਪਰੇ ਸੜਕ ਹਾਦਸੇ ਸਬੰਧੀ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਥਾਪਿਤ ਕੰਟਰੋਲ ਰੂਮ ਦਾ ਨੰਬਰ 01633-262175 ਹੈ।
ਜ਼ਿਕਰਯੋਗ ਹੈ ਕਿ ਨਹਿਰ ਦੇ ਪੁਲ਼ ‘ਤੇ ਲੱਗੇ ਲੋਹੇ ਦੇ ਐਂਗਲਾਂ ‘ਚ ਵੱਜਣ ਕਾਰਨ ਬੱਸ ਦਾ ਅੱਧਾ ਹਿੱਸਾ ਨਹਿਰ ‘ਚ ਜਾ ਲਟਕਿਆ ਜਦਕਿ ਅੱਧਾ ਹਿੱਸਾ ਬਾਹਰ ਪੁੱਲ ਉਪਰ ਰਹਿ ਗਿਆ। ਇਸ ਘਟਨਾ ਦਾ ਪਤਾ ਲੱਗਣ ‘ਤੇ ਲੋਕ ਵੱਡੀ ਗਿਣਤੀ ‘ਚ ਉੱਥੇ ਪੁੱਜ ਗਏ। ਓਧਰ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਪੁੱਜੇ ਤੇ ਬੱਸ ‘ਚੋਂ ਸਵਾਰੀਆਂ ਨੂੰ ਬਾਹਰ ਕੱਢਿਆ।
1992 ‘ਚ ਵੀ ਹੋਇਆ ਸੀ ਅਜਿਹਾ ਹੀ ਹਾਦਸਾ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਦੀ ਬੱਸ ਇਸੇ ਨਹਿਰ ‘ਚ 1992 ‘ਚ ਡਿੱਗੀ ਸੀ ਜਿਸ ਵਿਚ ਬੱਚਿਆਂ ਸਮੇਤ ਕਰੀਬ 80 ਮੁਸਾਫ਼ਰਾਂ ਦੀ ਮੌਤ ਹੋ ਗਈ ਸੀ।
ਸੜਕ ‘ਤੇ ਟੋਲ ਪਲਾਜ਼ਾ ਹੋਣ ਦੇ ਬਾਵਜੂਦ ਨਹੀਂ ਬਣਾਇਆ ਨਵਾਂ ਪੁਲ਼
ਇਸ ਸੜਕ ‘ਤੇ ਟੋਲ ਪਲਾਜ਼ਾ ਲੱਗਿਆ ਹੈ ਪਰ ਉਨ੍ਹਾਂ ਵੱਲੋਂ ਹੁਣ ਤਕ ਨਹਿਰ ਦੇ ਨਵੇਂ ਪੁਲ ਦਾ ਨਿਰਮਾਣ ਨਹੀਂ ਕੀਤਾ ਗਿਆ ਜਦਕਿ ਟੋਲ ਚੱਲ ਰਿਹਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਗਟਾਇਆ ਅਫਸੋਸ
ਮੁਕਤਸਰ-ਕੋਟਕਪੂਰਾ ਰੋਡ ‘ਤੇ ਪੈਂਦੀ ਨਹਿਰ ‘ਚ ਨਿੱਜੀ ਬੱਸ ਦੇ ਹਾਦਸਾਗ੍ਰਸਤ ਹੋਣ ਦੀ ਦੁਖਦਾਈ ਖ਼ਬਰ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਫਸੋਸ ਪ੍ਰਗਟਾਇਆ ਹੈ। ਉਨ੍ਹਾਂ ਟਵੀਟ ਰਾਹੀਂ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ। ਬਚਾਅ ਕਾਰਜਾਂ ਦੀ ਉਹ ਪਲ-ਪਲ ਦੀ ਜਾਣਕਾਰੀ ਲੈ ਰਹੇ ਹਨ। ਉਨ੍ਹਾਂ ਪਰਮਾਤਮਾ ਅੱਗੇ ਸਾਰਿਆਂ ਦੀ ਤੰਦੁਰਸਤੀ ਦੀ ਕਾਮਨਾ ਕਰਦੇ ਹੋਏ ਬਾਕੀ ਵੇਰਵੇ ਜਲਦ ਸਾਂਝੇ ਕਰਨ ਸਬੰਧੀ ਕਿਹਾ।