ਭਾਰਤਮਾਲਾ ਪ੍ਰਯੋਜਨਾ ਤੇ ਬਠਿੰਡਾ ਲੁਧਿਆਣਾ ਰਾਸ਼ਟਰੀ ਮਹਾਂਮਾਰਗ ਤਹਿਤ ਆਈ ਜ਼ਮੀਨ ਨਾਲ ਜੁੜੇ ਮਸਲਿਆਂ ਦੇ ਸਥਾਈ ਹੱਲ ਲਈ ਵਿਚਾਰਾਂ ਕੀਤੀਆਂ

ਰਾਮਪੁਰਾ ਫੂਲ(ਜਸਵੀਰ ਔਲਖ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਹਲਕੇ ਦੀਆਂ ਸਮੱਸਿਆਂਵਾਂ ਨੂੰ ਹੱਲ ਕਰਨ, ਵਿਕਾਸ ਕਾਰਜਾਂ ਦੀ ਅਰੰਭਤਾ ਅਤੇ ਹਲਕਾ ਵਾਸੀਆਂ ਦੇ ਵੱਖ-ਵੱਖ ਮਸਲਿਆਂ ਦੇ ਹੱਲ ਸਬੰਧੀ ਵਿਸ਼ੇਸ਼ ਗੱਲਬਾਤ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਦਿਨੀਂ ਵੱਖ ਵੱਖ ਪਾਰਟੀਆਂ ਦੇ ਆਗੂਆਂ ਦਾ ਇਕ ਵਫ਼ਦ ਉਹਨਾਂ ਨੂੰ ਮਿਲਿਆ ਸੀ ਜਿਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਸਬੰਧੀ ਇਕ ਮੰਗ ਪੱਤਰ ਦਿੱਤਾ ਸੀ ਕਿ ਭਾਰਤਮਾਲਾ ਪ੍ਰਾਜੈਕਟ ਤਹਿਤ ਬਣਨ ਵਾਲੀ ਸ਼੍ਰੀ ਅੰਮ੍ਰਿਤਸਰ ਸਾਹਿਬ- ਜਾਮਨਗਰ ਅਤੇ ਬਠਿੰਡਾ- ਲੁਧਿਆਣਾ ਰਾਸ਼ਟਰੀ ਮਹਾਂਮਾਰਗਾਂ ਲਈ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਹੈ, ਉਨ੍ਹਾਂ ਨੂੰ ਮਾਰਕੀਟ ਰੇਟ ਦੇ ਅਧਾਰ ਉਤੇ ਉਚਿਤ ਮੁਆਵਜ਼ਾ ਦਿੱਤਾ ਜਾਵੇ।

ਇਸ ਤੋਂ ਇਲਾਵਾ ਪੇਂਡੂ ਤੇ ਸ਼ਹਿਰੀ ਖੇਤਰਾਂ ਦਾ ਵੱਖ-ਵੱਖ ਵਰਗੀਕਰਨ ਕੀਤਾ ਜਾਵੇ ਅਤੇ ਉਜਾੜਾ ਭੱਤਾ ਦੇਣ ਦੇ ਨਾਲ ਸਿੰਚਾਈ ਦਾ ਪ੍ਰਬੰਧ ਵੀ ਕਰਕੇ ਦਿੱਤਾ ਜਾਵੇ ਕਿਉਂਕਿ ਬਹੁਤ ਸਾਰੇ ਕਿਸਾਨਾਂ ਦੀ ਜ਼ਮੀਨ ਦੇ ਦੋ ਹਿੱਸੇ ਹੋ ਗਏ ਹਨ ਤੇ ਜਿਸ ਕਾਰਨ ਉਹਨਾਂ ਨੂੰ ਰਸਤਿਆਂ ਤੇ ਸਿੰਚਾਈ ਦਾ ਪ੍ਰਬੰਧ ਕਰਨ ਵਿਚ ਦਿੱਕਤ ਆਉਂਦੀ ਹੈ। ਵਿਧਾਇਕ ਬਲਕਾਰ ਸਿੱਧੂ ਨੇ ਕਿਸਾਨਾਂ ਦੇ ਇਸ ਮਸਲੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਾਂਝਾਂ ਕੀਤਾ ਤੇ ਉਹਨਾਂ ਨੇ ਇਸ ਨੂੰ ਛੇਤੀ ਹਲ ਕਰਨ ਦਾ ਭਰੋਸਾ ਦਿੱਤਾ ਹੈ।

ਇਸ ਤੋਂ ਇਲਾਵਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਰਾਮਪੁਰਾ ਸ਼ਹਿਰ ਵਾਸੀਆਂ ਦੀ ਮੰਗ ਉਤੇ ਸ਼ਹਿਰ ਨੂੰ ਕਲੀਨ ਤੇ ਗਰੀਨ ਬਣਾਉਣ ਸਬੰਧੀ ਇੱਕ ਵਿਸ਼ੇਸ਼ ਪਾਰਕ ਬਣਾਉਣ ਦਾ ਪ੍ਰਸਤਾਵ ਵੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਾਂਝਾਂ ਕੀਤਾ ਤਾਂ ਕਿ ਸ਼ਹਿਰ ਦੀ ਸੁੰਦਰਤਾ ਵਿਚ ਵਾਧਾ ਹੋ ਸਕੇ। ਉਹਨਾਂ ਕਿਹਾ ਕਿ ਹਲਕੇ ਦੀਆਂ ਹੋਰ ਵੀ ਸਮੱਸਿਆਂਵਾਂ ਤੇ ਵਿਕਾਸ ਕਾਰਜਾਂ ਦੀ ਆਰੰਭਤਾ ਲਈ ਮੁੱਖ ਮੰਤਰੀ ਨਾਲ ਸਲਾਹ ਮਸ਼ਵਰਾ ਕੀਤਾ ਤਾਂ ਕਿ ਹਲਕਾ ਰਾਮਪੁਰਾ ਫੂਲ ਨੂੰ ਨਮੂਨੇ ਦਾ ਹਲਕਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੇਰੀ ਦਿਲੀ ਇੱਛਾ ਹੈ ਕਿ ਰਾਮਪੁਰਾ ਸ਼ਹਿਰ ਤੇ ਹਲਕੇ ਨੂੰ ਤਰੱਕੀ ਦੇ ਰਾਹ ਉਤੇ ਪਾਇਆ ਜਾ ਸਕੇ।

ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਹਲਕਾ ਰਾਮਪੁਰਾ ਫੂਲ ਵਿੱਚ ਅਕਾਲੀ ਦਲ ਤੇ ਕਾਂਗਰਸ ਦੇ ਵਾਰੀ ਵਾਰੀ ਦੋ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਗੁਰਪ੍ਰੀਤ ਸਿੰਘ ਕਾਂਗੜ ਰਹਿ ਚੁੱਕੇ ਹਨ ਪਰ ਉਹਨਾਂ ਨੇ ਕਦੇ ਵੀ ਹਲਕੇ ਵੱਲ ਧਿਆਨ ਨਹੀਂ ਦਿੱਤਾ, ਸਿਰਫ਼ ਧੜੇਬੰਦੀ ਤੇ ਦੁਸ਼ਮਣੀਆਂ ਹੀ ਪੈਦਾ ਕੀਤੀਆਂ ਜਿਸ ਕਾਰਨ ਹਲਕਾ ਵਿਕਾਸ ਕਾਰਜਾ ਪੱਖੋਂ ਪੱਛੜ ਗਿਆ। ਇਸੇ ਕਾਰਨ ਹੀ ਦੋਵੇਂ ਸਾਬਕਾ ਮੰਤਰੀਆਂ ਨੂੰ ਲੋਕਾਂ ਨੇ ਨਕਾਰ ਕੇ ਹਲਕੇ ਦੀ ਕਮਾਨ ਉਹਨਾਂ ਨੂੰ ਸੌਂਪੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦਾ ਕਾਇਆ ਕਲਪ ਕਰਕੇ ਪਿਛਲੇ 75 ਸਾਲਾਂ ਤੋਂ ਵਿਗੜੇ ਸਿਸਟਮ ਨੂੰ ਪਾਰਦਰਸ਼ੀ ਢੰਗ ਨਾਲ ਸੁਧਾਰ ਕੇ ਪੰਜਾਬ ਦੀ ਜਨਤਾ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰੇਗੀ ।

ਉਹਨਾਂ ਕਿਹਾ ਕਿ ਜਿਹੜੇ ਵਾਅਦੇ ਤੇ ਗਰੰਟੀਆ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤੀਆਂ ਹਨ, ਉਹਨਾਂ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਜਾਵੇਗਾ। ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਬਿਜਲੀ ਦੇ ਬਿਲਾਂ ਸਬੰਧੀ ਲਏ ਗਏ ਮੁੱਖ ਮੰਤਰੀ ਭਗਵੰਤ ਮਾਨ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਹਿਲੀ ਗਰੰਟੀ ਪੂਰੀ ਹੋਣ ਉਤੇ ਪੰਜਾਬ ਦੇ ਲੋਕ ਖੁਸ਼ ਹਨ।

Leave a Reply

Your email address will not be published. Required fields are marked *