ਬਠਿੰਡਾ– ਪੰਜਾਬ ’ਚ ਅਸੈਂਬਲੀ ਚੋਣਾਂ ਦਾ ਦੌਰ 10 ਮਾਰਚ ਨੂੰ ਮੁਕੰਮਲ ਹੋ ਜਾਏਗਾ। ਉਸ ਦਿਨ ਨਤੀਜੇ ਆ ਜਾਣਗੇ ਅਤੇ ਹਾਰ-ਜਿੱਤ ਦਾ ਫ਼ੈਸਲਾ ਵੀ ਹੋ ਜਾਏਗਾ। ਸੂਬੇ ’ਚ ਇਕ ਨਵੀਂ ਸਰਕਾਰ ਦੇ ਗਠਨ ਦੀ ਤਿਆਰੀ ਸ਼ੁਰੂ ਹੋ ਜਾਏਗੀ। ਨਵੀਂ ਸਰਕਾਰ ਦੇ ਬਣਨ ਨਾਲ ਆਮ ਲੋਕਾਂ ਨੂੰ ਕਿੰਨਾ ਫਰਕ ਪਏਗਾ, ਇਸ ਸਬੰਧੀ ਅਜੇ ਕੁਝ ਵੀ ਸਪਸ਼ਟ ਨਹੀਂ ਹੈ ਪਰ ਸੂਬੇ ਦੀ ਅਫ਼ਸਰਸ਼ਾਹੀ ਨੂੰ ਨਵੀਂ ਸਰਕਾਰ ਦੇ ਗਠਨ ਸਮੇਂ ਵੱਡਾ ਫਰਕ ਪੈਣ ਜਾ ਰਿਹਾ ਹੈ।
ਪੰਜਾਬ ’ਚ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਸੱਤਾ ’ਚ ਸੀ। ਕਾਰਜਕਾਰ ਦੇ ਆਖਰੀ 111 ਦਿਨ ਸੂਬੇ ’ਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਕੰਮ ਕੀਤਾ। 111 ਦਿਨ ’ਚੋਂ ਵਧੇਰੇ ਦਿਨ ਤਾਂ ਸਰਕਾਰ ਨੂੰ ਆਪਣੀ ਕਦਮ-ਤਾਲ ਮਿਲਾਉਣ ’ਚ ਹੀ ਲੱਗ ਗਏ। ਇਸ ਦੌਰਾਨ ਅਫ਼ਸਰਾਂ ਦੇ ਤਬਾਦਲਿਆਂ ਦਾ ਦੌਰ ਜਾਰੀ ਰਿਹਾ। ਹੁਣ ਜਦੋਂ ਸੂਬੇ ’ਚ ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਹਨ ਅਤੇ 10 ਮਾਰਚ ਨੂੰ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਨਵੀਂ ਸਰਕਾਰ ਸੱਤਾ ’ਚ ਆ ਜਾਏਗੀ ਤਾਂ ਇਸ ਦੌਰਾਨ ਤਬਾਦਲਿਆਂ ਦਾ ਦੌਰ ਮੁੜ ਤੋਂ ਸ਼ੁਰੂ ਹੋ ਜਾਵੇਗਾ।
ਜੇ ਕਾਂਗਰਸ ਸੱਤਾ ਵਿਚ ਆਈ ਤਾਂ….
ਪੰਜਾਬ ’ਚ ਜੇ ਕਾਂਗਰਸ ਦੀ ਸਰਕਾਰ ਦੋਹਰਾਈ ਜਾਂਦੀ ਹੈ ਤਾਂ ਇਕ ਵਾਰ ਮੁੜ ਤਬਾਦਲਿਆਂ ਦਾ ਦੌਰ ਸ਼ੁਰੂ ਹੋ ਜਾਏਗਾ। 111 ਦਿਨ ਲਈ ਜਦੋਂ ਚੰਨੀ ਸਰਕਾਰ ਰਹੀ ਸੀ ਤਾਂ ਉਸ ਦੌਰ ’ਚ ਸਰਕਾਰ ਨਹੀਂ ਚਾਹੁੰਦੀ ਸੀ ਕਿ ਅਫ਼ਸਰਾਂ ਨੂੰ ਵਧੇਰੇ ਏਧਰੋ-ਓਧਰ ਕੀਤਾ ਜਾਏ, ਕਿਉਂਕਿ ਨਵੇਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਸਰਕਾਰ ਕੋਲ ਬਹੁਤ ਥੋੜੇ ਦਿਨ ਬਾਕੀ ਸਨ। ਪੁਲਸ ਦੇ ਅਧਿਕਾਰੀਆਂ ਨੂੰ ਜੇ ਛੱਡ ਦਿੱਤਾ ਜਾਏ ਤਾਂ ਪੰਜਾਬ ਦੇ ਹੋਰਨਾਂ ਵਿਭਾਗਾਂ ’ਚ ਕੋਈ ਖ਼ਾਸ ਤਬਦੀਲੀ ਨਹੀਂ ਹੋਈ। ਹੁਣ ਕਾਂਗਰਸ ਦੇ ਮੁੜ ਤੋਂ ਸੱਤਾ ’ਚ ਆਉਣ ’ਤੇ ਤਬਾਦਲਿਆਂ ਦਾ ਦੌਰ ਪੁਲਸ ਵਿਭਾਗ ਤੋਂ ਸ਼ੁਰੂ ਹੋਵੇਗਾ। ਖੁਰਾਕ ਅਤੇ ਸਪਲਾਈ ਵਿਭਾਗ, ਟਰਾਂਸਪੋਰਟ ਅਤੇ ਸਥਾਨਕ ਸਰਕਾਰ ਅਦਾਰਿਆਂ ਦੇ ਨਾਲ-ਨਾਲ ਹੋਰਨਾਂ ਸਰਕਾਰੀ ਵਿਭਾਗਾਂ ਤੱਕ ਵੀ ਚਲੇਗਾ।
ਜੇ ‘ਆਪ’ ਦੀ ਸਰਕਾਰ ਬਣੀ ਤਾਂ….
ਪੰਜਾਬ ’ਚ ਜੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਦੀ ਹੈ ਤਾਂ ਅਫ਼ਸਰਸ਼ਾਹੀ ਲਈ ਸਭ ਤੋਂ ਔਖਾ ਦੌਰ ਹੋਵੇਗਾ। ਦਿੱਲੀ ’ਚ ‘ਆਪ’ ਦੀ ਸਰਕਾਰ ਬਣਨ ਪਿਛੋਂ ਵੱਡੀ ਗਿਣਤੀ ’ਚ ਅਫ਼ਸਰਾਂ ਨੂੰ ਏਧਰੋ-ਓਧਰ ਕੀਤਾ ਗਿਆ ਸੀ। ਬੇਹੱਦ ਘੱਟ ਅਹਿਮ ਅਹੁਦਿਆਂ ’ਤੇ ਤਾਇਨਾਤ ਅਧਿਕਾਰੀਆਂ ਨੂੰ ਅਹਿਮ ਅਹੁਦੇ ਦਿੱਤੇ ਗਏ ਸਨ। ਮਲਾਈਦਾਰ ਅਹੁਦਿਆਂ ’ਤੇ ਬੈਠੇ ਅਧਿਕਾਰੀਆਂ ਨੂੰ ਲਾਂਭੇ ਕਰ ਦਿੱਤਾ ਗਿਆ ਸੀ। ਪੰਜਾਬ ’ਚ ਵੀ ਅਜਿਹਾ ਹੋ ਸਕਦਾ ਹੈ। ਜੇ ਇਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਅਧਿਕਾਰੀਆਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਬਕਾ ਸਰਕਾਰਾਂ ਦੇ ਦੌਰ ’ਚ ਕੀਤੇ ਗਏ ਕੁਝ ਕੰਮਾਂ ਨੂੰ ਆਮ ਆਦਮੀ ਪਾਰਟੀ ਦੇ ਆਗੂ ਬੇਨਕਾਬ ਕਰ ਸਕਦੇ ਹਨ।
ਅਕਾਲੀ-ਭਾਜਪਾ ਦੀ ਸਰਕਾਰ ਬਣੀ ਤਾਂ…..
ਪੰਜਾਬ ’ਚ ਉਂਝ ਤਾਂ ਸੰਭਾਵਨਾ ਬਹੁਤ ਘੱਟ ਹੈ ਪਰ ਫਿਰ ਵੀ ਜੇ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਆਪਸ ’ਚ ਗਠਜੋੜ ਹੋ ਜਾਂਦਾ ਹੈ ਜਾਂ ਭਾਜਪਾ ਜਾਂ ਅਕਾਲੀ ਦਲ ਇਕਲਿਆਂ ਵੀ ਸਰਕਾਰ ਬਣਾ ਲੈਂਦੇ ਹਨ ਤਾਂ ਅਧਿਕਾਰੀਆਂ ਦੀ ਦੌੜ ਲਗਣੀ ਯਕੀਨੀ ਹੈ। ਪਿਛਲੇ 5 ਸਾਲਾਂ ਤੋਂ ਅਕਾਲੀ ਅਤੇ ਭਾਜਪਾ ਆਗੂਆਂ ਦੇ ਚਹੇਤੇ ਅਧਿਕਾਰੀ ਬਿਲਕੁਲ ਲਾਂਭੇ ਬੈਠੇ ਹਨ। ਉਨ੍ਹਾਂ ਨੂੰ ਅਹਿਮ ਅਹੁਦਿਆਂ ’ਤੇ ਕੰਮ ਕੀਤਿਆਂ 5 ਸਾਲ ਤੋਂ ਵੀ ਵਧ ਦਾ ਸਮਾਂ ਹੋ ਗਿਆ ਹੈ। ਜੇ ਅਕਾਲੀ ਦਲ ਜਾਂ ਭਾਜਪਾ ’ਚੋਂ ਕਿਸੇ ਇਕ ਦੀ ਸਰਕਾਰ ਬਣੀ ਤਾਂ ਇਨ੍ਹਾਂ ਅਧਿਕਾਰੀਆਂ ਦੀ ਚਾਂਦੀ ਹੋ ਜਾਏਗੀ।