ਸੁਲਤਾਨਪੁਰ ਲੋਧੀ , 20 ਮਈ 2021 – ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ 260 ਗ੍ਰਾਮ ਅਫੀਮ ਸਮੇਤ ਇੱਕ ਮੋਟਰਸਾਇਕਲ ਚਾਲਕ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਤਲਵੰਡੀ ਚੌਧਰੀਆਂ ਦੇ ਐਸ.ਐਚ.ਓ ਪਰਵਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਏ.ਐਸ.ਆਈ ਨਿਰਮਲ ਸਿੰਘ ਪੁਲਿਸ ਪਾਰਟੀ ਸਮੇਤ ਹਾਈਟੈਕ ਨਾਕਾ ਗੋਇੰਦਵਾਲ ਪੁਲ ਤੇ ਮੋਜੂਦ ਸੀ ਅਤੇ ਵਹੀਕਲਾ ਦੀ ਰੁਟੀਨ ਦੀ ਚੈਕਿੰਗ ਕਰ ਰਹੇ ਸੀ।
ਇਸ ਦੌਰਾਨ ਗੋਇੰਦਵਾਲ ਸਾਹਿਬ ਦੀ ਤਰਫੋ ਲਾਲ ਰੰਗ ਦੇ ਪੈਸ਼ਨ ਮੋਟਰ ਸਾਇਕਲ ਨੰਬਰ ਪੀ ਬੀ 02-ਏ ਐਸ -7202 ਉੱਤੇ ਸਵਾਰ ਹੋਕੇ ਇੱਕ ਨੌਜਵਾਨ ਆਇਆ। ਜਿਸਨੂੰ ਪੁਲਿਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾ ਉਕਤ ਨੌਜਵਾਨ ਨੇ ਮੋਟਰ ਸਾਈਕਲ ਰੋਕਦੇ ਰੋਕਦੇ ਆਪਣੇ ਪਹਿਨੇ ਹੋਏ ਪਜਾਮੇ ਦੀ ਸੱਜੀ ਜੇਬ ਵਿੱਚੋਂ ਆਪਣੇ ਸੱਜੇ ਹੱਥ ਨਾਲ ਇੱਕ ਲਿਫਾਫਾ ਕੱਢ ਕੇ ਹੇਠਾ ਜਮੀਨ ਉੱਤੇ ਸੁੱਟ ਦਿੱਤਾ। ਜਿਸ ਮਗਰੋਂ ਪੁਲਿਸ ਪਾਰਟੀ ਨੇ ਥੋੜਾ ਅੱਗੇ ਹੋ ਕੇ ਵੇਖਿਆ ਤਾਂ ਉਕਤ ਪਾਰਦਰਸ਼ੀ ਮੋਮੀ ਲਿਫਾਫੇ ਵਿੱਚ ਅਫੀਮ ਸਾਫ ਦਿਖਾਈ ਦੇ ਰਹੀ ਸੀ।
ਜਿਸ ਮਗਰੋਂ ਪੁਲਿਸ ਪਾਰਟੀ ਨੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਵਿਕਰਮਜੀਤ ਪੁੱਤਰ ਲੇਟ ਤਰਸੇਮ ਕੁਮਾਰ ਵਾਸੀ ਕੱਕੜ ਮਹੱਲਾ ਭਿਖੀਵਿੰਡ ਥਾਣਾ ਭਿਖੀਵਿੰਡ ਜਿਲਾ ਤਰਨਤਾਰਨ ਦੱਸਿਆ। ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਉਕਤ ਨੌਜਵਾਨ ਵੱਲੋਂ ਸੁੱਟੇ ਉਕਤ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ਵਿਚੋਂ 260 ਗ੍ਰਾਮ ਅਫੀਮ ਬਰਾਮਦ ਹੋਈ। ਐਸ.ਐਚ.ਓ. ਨੇ ਦੱਸਿਆ ਕਿ ਉਕਤ ਮੁਲਜ਼ਮ ਦੇ ਖਿਲਾਫ 18-61-85 ਐਨ ਡੀ ਪੀ ਐਸ ਐਕਟ ਦੇ ਤਹਿਤ ਮੁੱਕਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦਸਿਆ ਕਿ ਮੁਲਜ਼ਮ ਨੂੰ ਅੱਜ ਮਾਨਯੋਗ ਅਦਾਲਤ ‘ਚ ਪੇਸ਼ ਕਰ ਕੇ 1 ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਇਸ ਦੌਰਾਨ ਮੁਲਜ਼ਮ ਪਾਸੋਂ ਬਾਰੀਕੀ ਨਾਲ ਪੁੱਛੱਗਿਛ ਕੀਤੀ ਜਾਵੇਗੀ ਅਤੇ ਇਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ