ਨਵੀਂ ਦਿੱਲੀ– ਭਾਰਤ ਵਿਚ ਕੋਰੋਨਾ ਸੰਕਰਮਣ ਦੀ ਵਧਦੀ ਰਫ਼ਤਾਰ ਕਾਰਨ ਹਸਪਤਾਲਾਂ ਵਿਚ ਬਿਸਤਰੇ, ਆਕਸੀਜਨ ਅਤੇ ਦਵਾਈਆਂ ਦੀ ਘਾਟ ਹੋਣ ਦੀਆਂ ਖਬਰਾਂ ਹਨ, ਅਜਿਹੀ ਸਥਿਤੀ ਵਿਚ ਦੇਸ਼ ਦੇ ਕੁਝ ਅਮੀਰ ਲੋਕ ਵਿਦੇਸ਼ ਨਿਕਲਣ ਲੱਗ ਪਏ ਹਨ। ਯੂਰਪ ਅਤੇ ਮਿਡਲ ਈਸਟ ਲਈ ਪ੍ਰਾਈਵੇਟ ਜੈੱਟਸ ਦੀ ਮੰਗ ਵਧਣ ਨਾਲ ਹਵਾਈ ਕਿਰਾਏ ਵੀ ਤੇਜ਼ੀ ਨਾਲ ਵੱਧ ਗਏ ਹਨ। ਕੋਰੋਨਾ ਦੇ ਡਰੋਂ ਕੁਝ ਦੌਲਤਮੰਦ ਨਿੱਜੀ ਜੈੱਟ ਦੀ ਲੱਖਾਂ ਰੁਪਏ ਦੀ ਟਿਕਟ ਖ਼ਰੀਦ ਕੇ ਬਾਹਰਲੇ ਸੁਰੱਖਿਅਤ ਦੇਸ਼ ਨਿਕਲ ਰਹੇ ਹਨ।

ਬਲੂਮਬਰਗ ਦੀ ਖ਼ਬਰ ਮੁਤਾਬਕ, ਦਿੱਲੀ ਦੇ ਇਕ ਨਿੱਜੀ ਜੈੱਟ ਫਰਮ ਕਲੱਬ ਵਨ ਏਅਰ ਦੇ ਸੀ. ਈ. ਓ. ਰਾਜਨ ਮੇਹਰਾ ਨੇ ਦੱਸਿਆ, ”ਸਿਰਫ਼ ਬਹੁਤ ਅਮੀਰ ਲੋਕ ਹੀ ਨਹੀਂ ਸਗੋਂ ਉਹ ਲੋਕ ਵੀ ਨਿੱਜੀ ਜੈੱਟ ਬੁੱਕ ਕਰ ਰਹੇ ਹਨ ਜੋ ਟਿਕਟ ਬੁੱਕ ਕਰਾ ਸਕਦੇ ਹਨ।”

ਉੱਥੇ ਹੀ, ਕੋਰੋਨਾ ਵਾਇਰਸ ਦੇ ਵਧਦੇ ਸੰਕਰਮਣ ਕਾਰਨ ਕਈ ਬਾਲੀਵੁੱਡ ਅਦਾਕਾਰ ਵੀ ਮਾਲਦੀਵ ਸਣੇ ਹੋਰ ਦੇਸ਼ਾਂ ਵਿਚ ਦੇਖੇ ਗਏ ਹਨ। ਹਾਲ ਹੀ ਵਿਚ ਘੱਟੋ-ਘੱਟ ਤਿੰਨ ਆਸਟ੍ਰੇਲੀਆਈ ਕ੍ਰਿਕਟਰਾਂ ਨੇ ਇੰਡੀਅਨ ਪ੍ਰੀਮੀਅਰ ਲੀਗ ਛੱਡੀ ਹੈ। ਇਸ ਮਾਹੌਲ ਵਿਚਕਾਰ ਦੌਲਤਮੰਦ ਭਾਰਤੀਆਂ ਦੇ ਵਿਦੇਸ਼ਾਂ ਨੂੰ ਹੋ ਰਹੇ ਰੁਖ਼ ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਵੱਖ-ਵੱਖ ਤਰ੍ਹਾਂ ਦੀ ਰੋਕ ਲਾਉਣੀ ਸ਼ੁਰੂ ਕਰ ਦਿੱਤੀ ਹੈ। ਬ੍ਰਿਟੇਨ, ਕੈਨੇਡਾ, ਯੂ. ਏ. ਈ. ਅਤੇ ਹਾਂਗਕਾਂਗ ਵਰਗੇ ਦੇਸ਼ਾਂ ਨੇ ਕੋਵਿਡ-19 ਕਾਰਨ ਯਾਤਰਾ ਪਾਬੰਦੀਆਂ ਲਾਈਆਂ ਹਨ। ਮਾਲਦੀਵ ਨੇ ਮੰਗਲਵਾਰ ਤੋਂ ਕੁਝ ਰਿਜ਼ਾਰਟ ਨੂੰ ਛੱਡ ਕੇ ਪੂਰੇ ਦੇਸ਼ ਵਿਚ ਭਾਰਤੀਆਂ ਦੇ ਘੁੰਮਣ ‘ਤੇ ਰੋਕ ਲਾਉਣ ਦੀ ਘੋਸ਼ਣਾ ਕੀਤੀ ਹੈ। ਮੇਹਰਾ ਮੁਤਾਬਕ, ਦਿੱਲੀ ਤੋਂ ਦੁਬਾਈ ਲਈ ਟਿਕਟ 15 ਲੱਖ ਵਿਚ ਪੈ ਰਹੀ ਹੈ। ਇਸ ਵਿਚ ਗ੍ਰਾਊਂਡ ਹੈਂਡਲਿੰਗ ਅਤੇ ਬਾਕੀ ਫੀਸਾਂ ਵੀ ਸ਼ਾਮਲ ਹਨ।

Leave a Reply

Your email address will not be published. Required fields are marked *