ਪਾਕਿਸਤਾਨ ਦੀਆਂ ਸੜਕਾਂ ਬਣੀਆਂ ”ਜੰਗ ਦਾ ਮੈਦਾਨ”, ਜਾਣੋ ਕੀ ਹੈ ਪੂਰਾ ਮਾਮਲਾ
ਲਾਹੌਰ – ਪਿਛਲੇ 3 ਦਿਨਾਂ ਤੋਂ ਪਾਕਿਸਤਾਨ ਦੀਆਂ ਸੜਕਾਂ ‘ਤੇ ਇਕ ਇਸਲਾਮਕ ਕੱਟੜਪੰਥੀ ਪਾਰਟੀ ਦੇ ਸਮਰਥਕ ਕਹਿਰ ਮਚਾ ਰਹੇ ਹਨ। ਸੜਕਾਂ ਜਿਵੇਂ ਜੰਗ ਦਾ ਮੈਦਾਨ ਬਣ ਗਈਆਂ ਹੋਣ। ਸਭ ਤੋਂ ਬੁਰਾ ਹਾਲ ਲਾਹੌਰ ਦਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਵਿਖਾਵਾਕਾਰੀ ਸੜਕਾਂ ‘ਤੇ ਡਟੇ ਹੋਏ ਹਨ। ਪੁਲਸ ਅਤੇ ਸੁਰੱਖਿਆ ਫੋਰਸਾਂ ਦੀ ਇਸਲਾਮਕ ਕੱਟੜਪੰਥੀਆਂ ਦਰਮਿਆਨ ਹੋਈਆਂ ਝੜਪਾਂ ਵਿਚ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ ਬਹੁਤ ਜ਼ਿਆਦਾ ਵੀ ਹੋ ਸਕਦਾ ਹੈ ਕਿਉਂਕਿ ਸੋਸ਼ਲ ਮੀਡੀਆ ‘ਤੇ ਕਈ ਬਿਨਾਂ ਪੁਸ਼ਟੀ ਵਾਲੀਆਂ ਵੀਡੀਓ ਵੀ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਵਿਚ ਪਾਕਿਸਤਾਨੀ ਫੌਜ ਵਿਖਾਵਾਕਾਰੀਆਂ ਉਪਰ ਫੌਜੀ ਵਾਹਨ ਚੜਾਉਂਦੀ ਨਜ਼ਰ ਆ ਰਹੀ ਹੈ। ਟਵਿੱਟਰ ‘ਤੇ #CivilWarinPakistan ਟ੍ਰੈਂਡ ਕਰ ਰਿਹਾ ਹੈ। 2 ਪੁਲਸ ਮੁਲਾਜ਼ਮ ਵੀ ਮਾਰੇ ਗਏ ਹਨ ਅਤੇ 300 ਤੋਂ ਵਧ ਜ਼ਖਮੀ ਹੋਏ ਹਨ।

ਮਜ਼ਹਬੀ ਕੱਟੜਤਾ ਅਤੇ ਅੱਤਵਾਦ ਜਿਸ ਰਾਖਸ਼ ਨੂੰ ਪਾਕਿਸਤਾਨ ਆਪਣੀ ਹੋਂਦ ਵਿਚ ਆਉਣ ਤੋਂ ਬਾਅਦ ਹੀ ਪਾਲਦਾ-ਪੋਸਦਾ ਆਇਆ ਹੈ, ਉਹ ਹੁਣ ਭਸਮਾਸੁਰ ਵਾਂਗ ਉਸੇ ਨੂੰ ਹੀ ਸਾੜ ਰਿਹਾ ਹੈ। ਸੜਕਾਂ ‘ਤੇ ਗ੍ਰਹਿ ਯੁੱਧ ਜਿਹੀਆਂ ਖੇਡਾਂ ਨੂੰ ਸੰਖੇਪ ਵਿਚ ਸਮਝਣਾ ਜ਼ਰੂਰੀ ਹੈ। ਆਪਣੇ ਵਜੂਦ ਵਿਚ ਆਉਣ ਤੋਂ ਬਾਅਦ ਹੀ ਪਾਕਿਸਤਾਨ ਇਸਲਾਮਕ ਕੱਟੜਤਾ ਨੂੰ ਵਾਹੁੰਦਾ ਰਿਹਾ ਹੈ। ਉਸ ਤੋਂ ਵੀ ਅੱਗੇ ਵਧ ਕੇ ਭਾਰਤ ਖਿਲਾਫ ਅੱਤਵਾਦ ਦੀ ਵਰਤੋਂ ਕੀਤੀ ਜੋ ਹੁਣ ਵੀ ਜਾਰੀ ਹੈ। ਹੁਣ ਉਸ ਦੇ ਬੀਜੇ ਬੀਜ ਜ਼ਹਿਰ ਵਾਲੀ ਬੇਲ ਵਿਚ ਤਬਦੀਲ ਹੋ ਚੁੱਕੇ ਹਨ। ਕਦੇ-ਕਦੇ ਇਹ ਜ਼ਹਿਰ ਵਾਲੀ ਬੇਲ ਉਸ ਨੂੰ ਵੀ ਫਸਾ ਲੈਂਦੀ ਹੈ। ਥੋੜੀ ਜਿਹੀ ਹਲਚਲ ਤੋਂ ਬਾਅਦ ਜਿਵੇਂ ਹੀ ਉਹ ਇਨ੍ਹਾਂ ਦੀ ਜਕੜ ਤੋਂ ਨਿਕਲਦਾ ਹੈ ਫਿਰ ਤੋਂ ਉਹੀ ਖਤਰਨਾਕ ਖੇਡ ਸ਼ੁਰੂ ਕਰ ਦਿੰਦਾ ਹੈ।
ਆਪਣੇ ਹੀ ਬੀਜੇ ਜ਼ਹਿਰ ਦਾ ਸੁਆਦ ਲੈ ਰਿਹਾ ਪਾਕਿਸਤਾਨ
ਪਾਕਿਸਤਾਨ ਆਪਣੇ ਬੀਜੇ ਜ਼ਹਿਰ ਦਾ ਸੁਆਦ ਲੈ ਰਿਹਾ ਹੈ ਫਿਰ ਵੀ ਸ਼ਾਇਦ ਹੀ ਉਹ ਸਬਕ ਲਵੇ ਕਿਉਂਕਿ ਉਸ ਦੀ ਫਿਤਰਤ ਹੀ ਕੱਟੜਤਾ ਅਤੇ ਅੱਤਵਾਦ ਨੂੰ ਟੂਲ ਵਜੋਂ ਵਰਤੋਂ ਕਰਨ ਦੀ ਹੈ। ਜੇ ਸੁਧਰਨਾ ਹੁੰਦਾ ਤਾਂ 2014 ਵਿਚ ਪੇਸ਼ਾਵਰ ਦੇ ਸਕੂਲ ਵਿਚ ਅੱਤਵਾਦੀ ਹਮਲੇ ਵਿਚ ਹੋਏ ਬੱਚਿਆਂ ਦੇ ਕਤਲੇਆਮ ਤੋਂ ਬਾਅਦ ਅੱਤਵਾਦ ਦਾ ਸਮਰਥਨ ਦੇਣਾ ਬੰਦ ਕਰ ਦਿੱਤਾ ਪਰ ਜਿਹੜਾ ਸੁਧਰ ਗਿਆ ਉਹ ਪਾਕਿਸਤਾਨ ਕਿਵੇਂ। ਅੰਤਰਰਾਸ਼ਟਰੀ ਭਾਈਚਾਰੇ ਦੀਆਂ ਅੱਖਾਂ ਵਿਚ ਘੱਟਾ ਪਾਉਣ ਅਤੇ ਖੁਦ ਨੂੰ ਐੱਫ. ਏ. ਟੀ. ਐੱਫ. ਵੱਲੋਂ ਬਲੈਕਲਿਸਟ ਕੀਤੇ ਜਾਣ ਤੋਂ ਬਚਣ ਲਈ ਪਾਕਿਸਤਾਨ ਵੇਲੇ-ਵੇਲੇ ‘ਤੇ ਅੱਤਵਾਦੀ ਖਿਲਾਫ ਕਾਰਵਾਈ ਦਾ ਢੋਂਗ ਕਰਦਾ ਰਿਹਾ ਹੈ। ਉਸ ਦੀਆਂ ਇਨ੍ਹਾਂ ਹਰਕਤਾਂ ਕਾਰਣ ਕੱਟੜਪੰਥੀ ਤੱਤਾਂ ਦਾ ਹੌਸਲਾ ਲਗਾਤਾਰ ਵੱਧਦਾ ਰਿਹਾ ਹੈ। ਇਸ ਵਾਰ ਵੀ ਉਹੇ ਕੱਟੜਪੰਥੀ ਪਾਕਿਸਤਾਨ ਸਰਕਾਰ ਦੀ ਇੱਟ ਨਾਲ ਇੱਟ ਵਜਾ ਰਹੇ ਹਨ।
ਕੀ ਹੈ ਮਾਮਲਾ…
ਪਾਕਿਸਤਾਨ ਵਿਚ ਮੌਜੂਦਾ ਗਦਰ ਦੇ ਕੇਂਦਰ ਵਿਚ ਫਰਾਂਸ ਦੀ ਮੈਗਜ਼ੀਨ ਵਿਚ ਪਿਛਲੇ ਸਾਲ ਪੈਗੰਬਰ ਮੁਹੰਮਦ ਦੇ ਛਪੇ ਵਿਵਾਦਤ ਕਾਰਟੂਨ ਹੈ। ਕੱਟੜਪੰਥੀ ਇਸਲਾਮਕ ਪਾਰਟੀ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ. ਐੱਲ. ਪੀ.) ਨੇ ਇਮਰਾਨ ਸਰਕਾਰ ਨੂੰ ਫਰਾਂਸ ਦੇ ਰਾਜਦੂਤ ਨੂੰ ਤੱਤਕਾਲ ਵਾਪਸ ਭੇਜੇ ਜਾਣ ਲਈ 20 ਅਪ੍ਰੈਲ ਦੀ ਡੈੱਡਲਾਈਨ ਦਿੱਤੀ ਸੀ। ਅਜਿਹਾ ਨਾ ਹੋਣ ‘ਤੇ 20 ਅਪ੍ਰੈਲ ਤੋਂ ਮੁਲਕ ਭਰ ਵਿਚ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਸੀ ਪਰ ਉਸ ਤੋਂ ਪਹਿਲਾਂ ਹੀ ਸੋਮਵਾਰ ਟੀ. ਐੱਲ. ਪੀ. ਦੇ ਮੁਖੀ ਮੌਲਾਨਾ ਸਾਦ ਹੁਸੈਨ ਰਿਜ਼ਵੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੀ ਗ੍ਰਿਫਤਾਰੀ ਨਾਲ ਉਸ ਦੇ ਸਮਰਥਕ ਭੜਕ ਗਏ ਅਤੇ ਸੜਕਾਂ ‘ਤੇ ਉਤਰ ਆਏ। ਥਾਂ-ਥਾਂ ਪਥਰਾਅ, ਭੰਨ-ਤੋੜ ਅਤੇ ਅੱਗ ਲਾਉਣ ਦੀਆਂ ਘਟਨਾਵਾਂ। ਫੌਜ, ਪੁਲਸ ਅਤੇ ਸੁਰੱਖਿਆ ਫੋਰਸਾਂ ਨਾਲ ਵਿਖਾਵਾਕਾਰੀਆਂ ਦੀਆਂ ਹਿੰਸਕ ਝੜਪਾਂ ਹੋਣ ਲੱਗੀਆਂ।
ਇਸ ਵਿਚਾਲੇ ਬੁੱਧਵਾਰ ਪਾਕਿਸਤਾਨ ਸਰਕਾਰ ਨੇ ਤਹਿਰੀਕ-ਏ-ਬੱਲੈਕ ਨੂੰ ਅੱਤਵਾਦ ਰੋਕੂ ਕਾਨੂੰਨ ਅਧੀਨ ਪਾਬੰਦੀਸ਼ੁਦਾ ਕਰਨ ਦਾ ਐਲਾਨ ਕਰ ਦਿੱਤਾ। ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਪੱਤਰਕਾਰਾਂ ਨੂੰ ਕਿਹਾ ਕਿ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ. ਐੱਲ. ਪੀ.) ਨੂੰ 1997 ਦੇ ਅੱਤਵਾਦ ਰੋਕੂ ਐਕਟ ਦੇ ਨਿਯਮ 11-ਬੀ ਅਧੀਨ ਪਾਬੰਦੀਸ਼ੁਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਟੀ. ਐੱਲ. ਪੀ. ‘ਤੇ ਪਾਬੰਦੀਆਂ ਲਾਉਣ ਲਈ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਐਲਾਨ ਤੋਂ ਬਾਅਦ ਕੱਟੜਪੰਥੀ ਸੰਗਠਨ ਦੇ ਵਰਕਰ ਹੋਰ ਭੜਕ ਗਏ ਹਨ। ਦੂਜੇ ਪਾਸੇ ਫੌਜ ਅਤੇ ਪੁਲਸ ਵੀ ਉਨ੍ਹਾਂ ਨੂੰ ਭਜਾਉਣ ਵਿਚ ਲੱਗੀ ਹੋਈ ਹੈ।