ਪਠਾਨਕੋਟ – ਆਪਣੇ ਕਾਰਨਾਮਿਆਂ ਕਰਕੇ ਪੰਜਾਬ ਪੁਲਸ ਅਕਸਰ ਹੀ ਸੁਰਖੀਆਂ ‘ਚ ਰਹਿੰਦੀ ਹੀ ਹੈ। ਪੰਜਾਬ ਪੁਲਸ ਦੇ ਇਕ ਮੁਲਾਜ਼ਮ ਨੇ ਅਜਿਹੀ ਘਿਨੌਣੀ ਹਰਕਤ ਕੀਤੀ, ਜਿਸਨੇ ਖਾਕੀ ਨੂੰ ਨਾ ਸਿਰਫ਼ ਸ਼ਰਮਸਾਰ ਕੀਤਾ ਸਗੋਂ ਖਾਕੀ ‘ਤੇ ਬਦਨੁਮਾ ਦਾਗ ਵੀ ਲਗਾ ਦਿੱਤਾ। ਪਠਾਨਕੋਟ ਦੇ ਸੁਜਾਨਪੁਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੰਜਾਬ ਪੁਲਸ ਦੇ ਮੁਲਾਜ਼ਮ ਨੇ ਹੀ ਇੱਕ ਮਾਸੂਮ ਨਾਬਾਲਗ ਕੁੜੀ ਨਾਲ ਹੈਵਾਨੀਅਤ ਦੀਆਂ ਹੱਦਾਂ ਪਾਰ ਕਰ ਦਿੱਤੀਆਂ।

ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਨਾਬਾਲਗ ਕੁੜੀ ਦੇ ਗੁਆਂਢ ‘ਚ ਰਹਿੰਦਾ ਸੀ, ਜਿਸ ਵਲੋਂ ਮਾਸੂਮ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। 13 ਸਾਲਾ ਦੀ ਪੀੜਤ ਬੱਚੀ 8ਵੀਂ ਜਮਾਤ ਦੀ ਵਿਦਿਆਰਥਣ ਹੈ। ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਉਣ ’ਤੇ ਪੁਲਸ ਨੇ ਪੀੜਤ ਬੱਚੀ ਦੇ ਪਰਿਵਾਰ ਦੇ ਬਿਆਨਾਂ ’ਤੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ।

ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਡੀ.ਐੱਸ.ਪੀ. ਨੇ ਦੱਸਿਆ ਕਿ ਦੋਸ਼ੀ ਚੰਡੀਗੜ੍ਹ ‘ਚ ਬਤੌਰ ਪੁਲਸ ਮੁਲਾਜ਼ਮ ਤਾਇਨਾਤ ਹੈ। ਪੀੜਤਾਂ ਦੀ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਉਸ ਦੇ ਬਿਆਨਾਂ ਦੇ ਅਧਾਰ ‘ਤੇ ਦੋਸ਼ੀ ਨੂੰ ਕਾਬੂ ਕਰਕੇ ਕੋਰਟ ‘ਚ ਪੇਸ਼ ਕੀਤਾ ਜਾਵੇਗਾ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪੁਲਸ ਲੋਕਾਂ ਦੀ ਰੱਖਿਆ ਲਈ ਹੁੰਦੀ ਹੈ, ਜਿਸਦਾ ਕੰਮ ਆਮ ਜਨਤਾ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੁੰਦਾ ਹੈ ਪਰ ਜਦੋਂ ਪੁਲਸ ਹੀ ਅਜਿਹੇ ਕੁਕਰਮ ਕਰਨ ਲੱਗ ਜਾਵੇ ਤਾਂ ਫਿਰ ਆਮ ਜਨਤਾ ਦਾ ਰੱਬ ਹੀ ਰਾਖਾ ਹੈ।







