ਚੰਡੀਗੜ੍ਹ : ਸੂਬੇ ਵਿਚ ਕੋਵਿਡ ਕੇਸਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਅਤੇ ਰੋਜ਼ਾਨਾ ਪਾਜ਼ੇਟੀਵਿਟੀ ਦਰ 5 ਫੀਸਦੀ ਤੋਂ ਟੱਪ ਜਾਣ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਆਪਣੀ ਟੀਕਾਕਰਨ ਕਾਰਜਨੀਤੀ ਮੁੜ ਵਿਚਾਰਨ ਦੀ ਅਪੀਲ ਕੀਤੀ ਤਾਂ ਕਿ ਚੋਣਵੇਂ ਖੇਤਰਾਂ ਵਿਚ ਹਰ ਉਮਰ ਵਰਗ ਦੇ ਲੋਕਾਂ ਦਾ ਟੀਕਾਕਰਨ ਕੀਤਾ ਜਾ ਸਕੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਸਖ਼ਤ ਨੀਤੀ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ, ਜੱਜਾਂ, ਬੱਸ ਡਰਾਈਵਰਾਂ ਤੇ ਕੰਡਕਟਰਾਂ, ਪੰਚਾਂ/ਸਰਪੰਚਾਂ, ਮੇਅਰ/ਨਗਰ ਕੌਂਸਲਾਂ ਦੇ ਪ੍ਰਧਾਨਾਂ/ਕੌਂਸਲਰਾਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਆਦਿ ਲਈ ਪੇਸ਼ਾ ਅਧਾਰਤ ਟੀਕਾਕਰਨ ਲਈ ਆਖਿਆ ਤਾਂ ਕਿ ਅਹਿਮ ਗਤੀਵਿਧੀਆਂ ਆਮ ਵਾਂਗ ਚਲਾਉਣ ਅਤੇ ਕੋਰੋਨਾ ਫੈਲਾਉਣ ਵਾਲਿਆਂ ਨੂੰ ਰੋਕਣ ਲਈ ਰਾਹ ਪੱਧਰਾ ਹੋ ਸਕੇ। ਉਨ੍ਹਾਂ ਨੇ ਅਦਾਲਤਾਂ ਵੀ ਛੇਤੀ ਖੋਲ੍ਹਣ ਦੀ ਵਕਾਲਤ ਕੀਤੀ ਤਾਂ ਕਿ ਨਾਗਰਿਕਾਂ ਲਈ ਇਨਸਾਫ ਦੀ ਉਡੀਕ ਖ਼ਤਮ ਹੋ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਕੂਲ ਅਤੇ ਕਾਲਜ ਵੀ ਛੇਤੀ ਖੋਲ੍ਹਣ ਦੀ ਪੈਰਵੀ ਕੀਤੀ ਤਾਂ ਕਿ ਸਿੱਖਿਆ ਦੇ ਰੂਪ ‘ਚ ਗਰੀਬ ਅਤੇ ਪ੍ਰਭਾਵਤ ਪਰਿਵਾਰਾਂ ਦਰਮਿਆਨ ਫਰਕ ਮੇਟਿਆ ਜਾ ਸਕੇ।

ਮੁੱਖ ਮੰਤਰੀ ਨੇ ਕੋਵਿਡ ਤੋਂ ਬਚਾਅ, ਵੱਡੀ ਪੱਧਰ ‘ਤੇ ਸਮਾਜਿਕ ਤੇ ਧਾਰਮਿਕ ਇਕੱਠ ਅਤੇ ਸਕੂਲਾਂ, ਕਾਲਜਾਂ ਨੂੰ ਆਮ ਵਾਂਗ ਖੋਲ੍ਹਣ ਦੇ ਯਤਨਾਂ ਵਿਚ ਢਿੱਲ ਵਰਤਣ ਕਰਕੇ ਕੇਸ ਵਧਣ ਦਾ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਸੂਬੇ ਦੀ ਨੌਜਵਾਨ ਆਬਾਦੀ ਵਿਚ ਵੱਡੀ ਪੱਧਰ ‘ਤੇ ਪਾਜ਼ੇਟਿਵ ਕੇਸ ਦੇਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਥਿਤੀ ਚਿੰਤਾਜਨਕ ਬਣ ਰਹੀ ਹੈ ਕਿਉਂਕਿ ਸੋਮਵਾਰ ਨੂੰ ਸੂਬੇ ਵਿਚ ਕੁੱਲ 1475 ਮਾਮਲੇ ਸਾਹਮਣੇ ਆਏ ਅਤੇ 38 ਮੌਤਾਂ ਹੋਈਆਂ ਸਨ ਅਤੇ ਬੀਤੇ ਦਿਨ 1843 ਮਾਮਲੇ ਸਾਹਮਣੇ ਆਏ ਅਤੇ 43 ਮੌਤਾਂ ਹੋਈਆਂ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਨੀਤੀ ਬਣਾ ਰਹੇ ਹਾਂ, ਅਸੀਂ ਭਲਕ ਤੋਂ ਹੋਰ ਸਖ਼ਤੀ ਵਰਤਾਂਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਗਈ ਵਰਚੂਅਲ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੁਝਾਅ ਦਿੱਤਾ ਕਿ ਕੋਈ ਵੀ ਇਲਾਕਾ, ਜਿੱਥੇ ਹਫਤਾਵਰੀ ਟੈਸਟਿੰਗ ਦੌਰਾਨ ਪਾਜ਼ੇਟੀਵਿਟੀ ਦਰ ਦੁੱਗਣੀ ਹੁੰਦੀ ਹੈ, ਵਿਚ ਹਰ ਉਮਰ ਵਰਗ ਦੇ ਲੋਕਾਂ ਦੇ ਟੀਕਾਕਰਨ ਲਈ ਤੁਰੰਤ ਵਿਚਾਰ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਹਰੇਕ ਪੜਾਅ ਵਿਚ ਆਬਾਦੀ ਦੇ ਇਕ ਛੋਟੇ ਵਰਗ ਦੇ ਟੀਕਾਕਰਨ ਕੀਤੇ ਜਾਣ ਦੇ ਪੜਾਵਾਂ ਨਾਲੋਂ ਬਿਹਤਰ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਜਨਵਰੀ ਵਿਚ ਰੋਜ਼ਾਨਾ ਦੀ ਪਾਜ਼ੇਟੀਵਿਟੀ ਦਰ ਇਕ ਫੀਸਦੀ ਤੋਂ ਘੱਟ ਸੀ ਜੋ ਕਿ ਮਾਰਚ ਵਿਚ 5 ਫ਼ੀਸਦੀ ਤੋਂ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 54 ਲੱਖ ਟੈਸਟ ਕੀਤੇ ਗਏ ਹਨ ਜਿਸ ਵਿੱਚੋਂ 1.99 ਲੱਖ ਪਾਜ਼ੇਟਿਵ ਮਾਮਲੇ ਪਾਏ ਗਏ ਅਤੇ ਇਸ ਵਾਇਰਸ ਨਾਲ ਹੁਣ ਤੱਕ 6099 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮੁੱਖ ਮੰਤਰੀ ਨੇ ਇਸ ਗੱਲ ਦੀ ਸਿਫਾਰਸ਼ ਕੀਤੀ ਕਿ ਚੋਣਵੇਂ ਖੇਤਰਾਂ ਵਿਚ ਸਮੁੱਚੀ ਵਸੋਂ ਨੂੰ ਕਵਰ ਕਰਨ ਤੋਂ ਇਲਾਵਾ ਸੂਬੇ ਵਿਚ ਗੁਰਦੇ ਅਤੇ ਜਿਗਰ ਦੀਆਂ ਸਹਿ-ਬਿਮਾਰੀਆਂ ਵਾਲੇ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਵੀ ਕਵਰ ਕਰਨਾ ਚਾਹੀਦਾ ਹੈ ਕਿਉਂਕਿ ਜੋ ਪੰਜਾਬ ਵਿਚ ਦੂਜਾ ਸਿਖਰ ਜਾਰੀ ਹੈ ਜੋ ਕਿ ਫਰਵਰੀ-2021 ਦੇ ਮੱਧ ਵਿਚ ਸ਼ੁਰੂ ਹੋਇਆ ਹੈ। ਮਹਾਮਾਰੀ ਦੇ ਨਵੇਂ ਰੂਪ ਦੀ ਭੂਮਿਕਾ ਬਾਰੇ ਅਸਪੱਸ਼ਟਤਾ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਵਾਇਰਲ ਸਬੰਧੀ ਤਰਤੀਬ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਖਾਸ ਕਰਕੇ ਪੰਜਾਬ ਵਿਚ ”ਜਿੱਥੇ ਹੁਣ 50 ਫੀਸਦੀ ਤੋਂ ਵੱਧ ਕੇਸ 40 ਸਾਲ ਤੋਂ ਘੱਟ ਉਮਰ ਦੇ ਹਨ ਅਤੇ ਸਾਨੂੰ ਤੁਰੰਤ ਸਮੀਖਿਆ ਕਰਨ ਦੀ ਲੋੜ ਹੈ ਕਿ ਇਹ ਕਿਤੇ ਪਰਿਵਰਤਨ ਦਾ ਕਾਰਨ ਤਾਂ ਨਹੀਂ ਹਨ।’ ਉਨ੍ਹਾਂ ਖੁਲਾਸਾ ਕੀਤਾ ਕਿ ਇਸ ਸਬੰਧੀ ਸੂਬੇ ਨੇ ਵੱਡੀ ਗਿਣਤੀ ਵਿਚ ਨਮੂਨੇ ਭੇਜੇ ਹਨ ਪਰ ਬਹੁਤ ਥੋੜ੍ਹਿਆਂ ਦਾ ਨਤੀਜਾ ਆਇਆ ਹੈ ਜਿਨ੍ਹਾਂ ਵਿਚੋਂ ਦੋ ਵਿਚ ਪਰਿਵਰਤਨ ਦੀ ਮੌਜੂਦਗੀ ਦਰਸਾਉਂਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੁੜ ਦੁਹਰਾਉਂਦਿਆਂ ਕੇਂਦਰ ਕੋਲੋ ਸੂਬਾਈ ਆਫ਼ਤ ਰਾਹਤ ਫੰਡ, ਜੋ ਸੂਬੇ ਕੋਲ ਪਹਿਲਾਂ ਹੀ ਮੌਜੂਦ ਹਨ, ਕੋਵਿਡ ਪ੍ਰਬੰਧਨ ਲਈ ਵਰਤਣ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਜ਼ੋਰ ਦਿੱਤਾ ਕਿ ਭਾਰਤ ਸਰਕਾਰ ਦਾ ਕੇਂਦਰੀ ਗ੍ਰਹਿ ਮੰਤਰਾਲਾ ਇਸ ਦੀ ਤੁਰੰਤ ਪ੍ਰਵਾਨਗੀ ਜਾਰੀ ਕਰੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੋਰ ਨਿੱਜੀ ਸਿਹਤ ਸੰਸਥਾਵਾਂ ਨੂੰ ਕੋਵਿਡ ਟੀਕਾਕਰਨ ਕੇਂਦਰਾਂ ਵਜੋਂ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਟੀਕਾ ਲਗਵਾਉਣ ਵਾਲੇ ਵਿਅਕਤੀ ਨੂੰ ਬੁਖਾਰ, ਸਰੀਰ ਵਿਚ ਹਲਕਾ ਦਰਦ ਜਾਂ ਹੋਰ ਕੋਈ ਤਕਲੀਫ਼ ਹੋਣ ਦੀ ਸਥਿਤੀ ਵਿਚ ਪੈਰਾਸੀਟਾਮੋਲ 650 ਐੱਮ.ਜੀ ਦੀਆਂ 10 ਗੋਲੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਕੋਵਿਡ ਅਤੇ ਟੀਕਾਕਰਨ ਸਬੰਧੀ ਅਫ਼ਵਾਹਾਂ ਖ਼ਾਰਜ ਕਰਨ ਲਈ ਮਿਸ਼ਨ ਫ਼ਤਹਿ ਰਾਹੀਂ ਵਿਆਪਕ ਸੋਸ਼ਲ ਮੀਡੀਆ ਮੁਹਿੰਮ ਵੀ ਚਲਾਈ ਜਾ ਰਹੀ ਹੈ। 

ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵੱਲੋਂ ਸਮਾਜਿਕ ਇਕੱਠਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਤਹਿਤ ਇਨਡੋਰ ਸਮਾਗਮਾਂ ਲਈ ਵੱਧ ਤੋਂ ਵੱਧ 100 ਅਤੇ ਆਊਟਡੋਰ ਸਮਾਗਮਾਂ ਲਈ 200 ਵਿਅਕਤੀਆਂ ਦੇ ਇਕੱਠ ਨੂੰ ਹੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ 9 ਜ਼ਿਲ੍ਹਿਆਂ ਵਿਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਗਾਇਆ ਗਿਆ ਹੈ, ਜਦਕਿ ਦੂਜੇ ਜ਼ਿਲ੍ਹਿਆਂ ਨੂੰ ਲਗਾਤਾਰ ਸਥਿਤੀ ਦਾ ਜਾਇਜ਼ਾ ਲੈਣ ਅਤੇ ਉਸ ਅਨੁਸਾਰ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਆਬਕਾਰੀ ਅਤੇ ਕਰ ਵਿਭਾਗ ਨੂੰ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਾਰੇ ਹੋਟਲਾਂ, ਰੈਸਟੋਰੈਂਟਾਂ ਅਤੇ ਮੈਰਿਜ ਪੈਲੇਸਾਂ ਵਿਖੇ ਕੋਵਿਡ ਨਿਗਰਾਨ ਨਿਯੁਕਤ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਪੁਲਸ ਵੱਲੋਂ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਵਿਰੁੱਧ ਕਾਰਵਾਈ ਕਰਨ ਲਈ ਮੁਹਿੰਮ ਹੋਰ ਤੇਜ਼ ਕਰ ਦਿੱਤੀ ਗਈ ਹੈ, ਵੱਡੀ ਗਿਣਤੀ ਵਿਚ ਚਲਾਨ ਜਾਰੀ ਕੀਤੇ ਜਾ ਰਹੇ ਹਨ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਸਾਰੇ ਸਕੂਲ ਅਤੇ ਆਂਗਨਵਾੜੀ ਕੇਂਦਰ ਬੰਦ ਕਰ ਦਿੱਤੇ ਗਏ ਹਨ, ਜਦਕਿ ਸਿਹਤ ਸੰਭਾਲ ਕਰਮਚਾਰੀਆਂ, ਜਿਨ੍ਹਾਂ ਨੇ ਟੀਕਾ ਨਹੀਂ ਲਗਵਾਇਆ ਹੈ, ਉਨ੍ਹਾਂ ਨੂੰ ਆਪਣੀ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਫ਼ਤਾਵਾਰੀ ਕੋਵਿਡ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ।

Leave a Reply

Your email address will not be published. Required fields are marked *